ਬਲਾਚੌਰ, 4 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਵਿਦਿਆਰਥੀਆਂ ਨੂੰ ਖੇਤੀਬਾੜੀ ਖੇਤਰ ਵਿਚ ਉੱਚ ਸਿੱਖਿਆ ਤੇ ਰੋਜ਼ਗਾਰ ਦੇ ਮੌਕਿਆਂ ਨਾਲ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਮਨਮੋਹਨਜੀਤ ਸਿੰਘ, ਡੀਨ ਵਲੋਂ ਸਵਾਗਤੀ ਸੰਬੋਧਨ ਨਾਲ ਹੋਈ | ਉਨ੍ਹਾਂ ਨੇ ਡਾ. ਹੀਰਾ ਸਿੰਘ, ਐਸੋਸੀਏਟ ਪ੍ਰੋਫੈਸਰ (ਸਬਜ਼ੀ ਵਿਗਿਆਨ) ਤੇ ਕੋਆਰਡੀਨੇਟਰ, ਕਮੇਟੀ ਫਾਰ ਹਾਇਰ ਐਜੂਕੇਸ਼ਨ ਐਂਡ ਗਲੋਬਲ ਅਪਰਚੂਨਿਟੀਜ਼, ਕਾਲਜ ਆਫ ਹੋਰਟੀਕਲਚਰ ਐਂਡ ਫਾਰੇਸਟਰੀ, ਪੀ. ਏ. ਯੂ., ਲੁਧਿਆਣਾ ਦੀਆਂ ਅਕਾਦਮਿਕ ਪ੍ਰਾਪਤੀਆਂ ਤੇ ਪੇਸ਼ਾਵਰ ਯੋਗਦਾਨਾਂ ਨੂੰ ਉਜਾਗਰ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਰਗਦਰਸ਼ਨ ਤੋਂ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ | ਡਾ. ਹੀਰਾ ਸਿੰਘ ਨੇ ਸੈਮੀਨਾਰ ਦੀ ਸ਼ੁਰੂਆਤ ਕਰਦੇ ਹੋਏ ਬੀ. ਐੱਸ. ਸੀ. (ਆਨਰਜ਼) ਐਗਰੀਕਲਚਰ ਤੋਂ ਬਾਅਦ ਅਮਰੀਕਾ, ਕੈਨੇਡਾ, ਯੂ. ਕੇ., ਨੀਦਰਲੈਂਡ ਤੇ ਜਰਮਨੀ ਵਰਗੇ ਦੇਸ਼ਾਂ ਵਿਚ ਉੱਚ ਸਿੱਖਿਆ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਮੈਕਗਿੱਲ ਯੂਨੀਵਰਸਿਟੀ, ਯੂਨੀਵਰਸਿਟੀ ਆਫ ਬਿ੍ਟਿਸ਼ ਕੋਲੰਬੀਆ ਤੇ ਕਰਟਿਨ ਯੂਨੀਵਰਸਿਟੀ ਆਫ ਟੈਕਨੋਲੋਜੀ ਵਰਗੀਆਂ ਪ੍ਰਸਿੱਧ ਸੰਸਥਾਵਾਂ ਦਾ ਵੀ ਜ਼ਿਕਰ ਕੀਤਾ | ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ਵਿਚ ਸਟੇਟ ਐਗਰੀਕਲਚਰਲ ਯੂਨੀਵਰਸਿਟੀਆਂ ਤੇ ਆਈ. ਸੀ. ਏ. ਆਰ. ਪ੍ਰਣਾਲੀ ਅਧੀਨ ਉੱਚ ਸਿੱਖਿਆ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਰਾਸ਼ਟਰੀ ਪੱਧਰ ਦੀ ਜੂਨੀਅਰ ਰਿਸਰਚ ਫੈਲੋਸ਼ਿਪ ਪ੍ਰੀਖਿਆ ਦੀ ਤਿਆਰੀ ਤੇ ਵਜੀਫਾ ਪ੍ਰਾਪਤ ਕਰਨ ਲਈ ਲਾਭਦਾਇਕ ਸੁਝਾਅ ਵੀ ਸਾਂਝੇ ਕੀਤੇ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨਾਲ ਇਕ ਪ੍ਰਸ਼ਨ-ਉੱਤਰ ਸੈਸ਼ਨ ਵੀ ਕਰਵਾਇਆ | ਇਸ ਤੋਂ ਬਾਅਦ ਕਾਲਜ ਤੇ ਖੇਤਰੀ ਖੋਜ ਕੇਂਦਰ ਦੇ ਅਧਿਆਪਕਾਂ ਨਾਲ ਅਕਾਦਮਿਕ ਲਿਖਤ, ਰਿਸਰਚ ਪੇਪਰਾਂ ਅਤੇ ਪ੍ਰਕਾਸ਼ਨ ਪ੍ਰਕਿਰਿਆ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ | ਮੰਚ ਦਾ ਸੰਚਾਲਨ ਡਾ. ਜਸ਼ਲੀਨ ਕੌਰ ਸਿੱਧੂ ਵਲੋਂ ਕੀਤਾ ਗਿਆ | ਸੈਮੀਨਾਰ ਦੇ ਅੰਤ ਵਿਚ ਡਾ. ਹੀਰਾ ਸਿੰਘ ਨੂੰ ਸਨਮਾਨ ਦੇ ਤੌਰ 'ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ |