ਨਵਾਂਸ਼ਹਿਰ, 4 ਮਈ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ)-ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਗਿਆ | ਵਫ਼ਦ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਧਿਆਨ ਵਿਚ ਲਿਆਂਦਾ ਕਿ 30 ਅਪੈ੍ਰਲ ਨੂੰ ਸ਼ਾਮ ਵੇਲੇ ਮੀਂਹ ਹਨੇਰੀ ਤੇ ਹੋਈ ਗੜਿਆਂ ਦੀ ਮਾਰ ਨੇ ਮੱਕੀ ਦੀ ਫ਼ਸਲ ਤੇ ਪੱਠਿਆ ਦਾ ਨਾਸ਼ ਮਾਰ ਦਿੱਤਾ ਹੈ | ਇਸ ਤੋਂ ਪਹਿਲਾਂ ਮਟਰ ਲਾਏ ਸੀ ਉਨ੍ਹਾਂ ਦਾ ਭਾਅ ਨਹੀਂ ਮਿਲਿਆ, ਪਸ਼ੂਆਂ ਨੂੰ ਪਾਉਣੇ ਪਏ | ਉਹਦੇ ਬਾਅਦ ਮੱਕੀ ਲਾਈ ਉਹ ਵੀ ਬਰਬਾਦ ਹੋ ਗਈ | ਸੁਰਿੰਦਰ ਸਿੰਘ ਬੈਂਸ ਨੇ ਜਥੇਬੰਦੀ ਵਲੋਂ ਡੀ. ਸੀ. ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜਾਰਾ ਕਲਾਂ, ਸਹਾਬ ਪੁਰ, ਉਸਮਾਨ ਪੁਰ, ਜਾਡਲਾ ਦਾ ਲਹਿੰਦਾ ਪਾਸਾ ਇਨ੍ਹਾਂ ਚੌਹਾਂ ਪਿੰਡਾਂ 'ਚ ਮੱਕੀ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਤੁਰੰਤ ਸਪੈਸ਼ਲ ਗਰਦਾਵਰੀ ਕਰਵਾ ਕੇ ਇਥੋਂ ਦੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਵਫ਼ਦ 'ਚ ਭੁਪਿੰਦਰ ਸਿੰਘ ਵੜੈਚ, ਕੁਲਵੀਰ ਸਿੰਘ ਸਾਹਬਪੁਰ, ਬਿੱਕਰ ਸਿੰਘ ਸੇਖੂਪੁਰ, ਸੁਰਿੰਦਰ ਸਿੰਘ ਮਹਿਰਮ ਪੁਰ, ਮੇਜਰ ਸਿੰਘ ਉਸਮਾਨ ਪੁਰ, ਰਾਣਾ ਰਾਮਜੀ ਦਾਸ ਸਨਾਵਾ ਤੇ ਤਾਰਾ ਸਿੰਘ ਫ਼ੌਜੀ ਵੀ ਸ਼ਾਮਿਲ ਸਨ |