ਸਮੁੰਦੜਾ, 4 ਮਈ (ਤੀਰਥ ਸਿੰਘ ਰੱਕੜ)-ਬੀਤੇ ਕਈ ਮਹੀਨਿਆਂ ਤੋਂ ਸਮੁੰਦੜਾ ਵਿਖੇ ਹੁਸ਼ਿਆਰਪੁਰ-ਚੰਡੀਗੜ੍ਹ ਰਾਜ ਮਾਰਗ ਦੀ ਹਾਲਤ ਬੱਦ ਤੋਂ ਬਦਤਰ ਹੋ ਚੁੱਕੀ ਹੈ ਅਤੇ ਇਸ ਸੜਕ 'ਤੇ ਵਾਪਰੇ ਅਨੇਕਾਂ ਹਾਦਸਿਆਂ ਦੌਰਾਨ ਕਈ ਰਾਹਗੀਰਾਂ ਦੀਆਂ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਕੁੰਭਕਰਨੀ ਨੀਂਦ ਸੁੱਤੇ ਪਏ ਪ੍ਰਸ਼ਾਸਨ ਤੇ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ | ਇਸ ਸੰਬੰਧੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜੰਮੂ-ਕਸ਼ਮੀਰ, ਪਠਾਨਕੋਟ, ਹੁਸ਼ਿਆਰਪੁਰ ਆਦਿ ਤੋਂ ਚੰਡੀਗੜ੍ਹ ਜਾਣ ਲਈ ਜ਼ਿਆਦਾਤਰ ਰਾਹਗੀਰਾਂ ਵਲੋਂ ਇਸੇ ਹੀ ਮਾਰਗ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਮੁੰਦੜਾ ਵਿਖੇ ਲੰਮੇ ਸਮੇਂ ਤੋਂ ਸੜਕ 'ਚ ਪਏ ਕਈ-ਕਈ ਫੁੱਟ ਡੂੰਘੇ ਖੱਡਿਆਂ ਤੇ ਇਨ੍ਹਾਂ ਵਿਚ ਭਰੇ ਪਾਣੀ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਅਤੇ ਸਰਕਾਰ ਲੋਂ ਕੋਈ ਤੇਜ਼ੀ ਨਹੀਂ ਵਿਖਾਈ ਜਾ ਰਹੀ | ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸਮਾਜ ਸੇਵੀ ਆਗੂਆਂ ਵਲੋਂ ਵੀ ਇਸ ਥਾਂ 'ਤੇ ਪਹੁੰਚ ਕੇ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾ ਚੁੱਕਿਆ ਹੈ ਅਤੇ ਸਰਕਾਰੀ ਵਿਕਾਸ ਕਾਰਜਾਂ 'ਤੇ ਸਵਾਲ ਚੁੱਕੇ ਜਾ ਰਹੇ ਹਨ ਪਰ ਫਿਰ ਵੀ ਇਸ ਸਮੱਸਿਆ ਦਾ ਢੁੱਕਵਾਂ ਹੱਲ ਨਹੀਂ ਕੀਤਾ ਜਾ ਰਿਹਾ | ਕੁਝ ਦਿਨ ਪਹਿਲਾਂ ਇਸ ਥਾਂ 'ਤੇ ਵਿਭਾਗ ਵਲੋਂ ਸੜਕ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਇਸ ਮਾਰਗ ਦਾ ਇਕ ਹਿੱਸਾ ਜੇ. ਸੀ. ਬੀ. ਨਾਲ ਕਾਫੀ ਡੂੰਘਾ ਪੁੱਟ ਦਿੱਤਾ ਗਿਆ ਸੀ ਪਰ ਇਸ ਕੰਮ ਨੂੰ ਅੱਗੇ ਵਧਾਉਣ ਦੀ ਬਜਾਏ ਉੱਥੇ ਹੀ ਛੱਡ ਦਿੱਤਾ ਗਿਆ, ਜਿਸ ਕਰਕੇ ਸਮੱਸਿਆ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ ਹੈ | ਬੀਤੇ ਕੱਲ੍ਹ ਪਏ ਮੀਂਹ ਕਾਰਨ ਸੜਕ ਵਿਭਾਗ ਵਲੋਂ ਹੀ ਪੁੱਟੇ ਗਏ ਖੱਡੇ ਵਿਚ ਅੰਤਾਂ ਦਾ ਪਾਣੀ ਭਰ ਗਿਆ, ਜਿਸ ਕਰਕੇ ਆਵਾਜਾਈ ਬੇਹਦ ਮੁਸ਼ਕਿਲ ਹੋ ਗਈ ਹੈ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਅੱਧੀ ਸੜਕ 'ਚੋਂ ਹੀ ਲੰਘਣਾ ਪੈ ਰਿਹਾ ਹੈ | ਸੜਕ ਦੇ ਨੇੜੇ ਵਸਦੇ ਕੁਝ ਘਰਾਂ ਵਾਲਿਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹੀ ਰਾਤ ਨੂੰ ਹਨ੍ਹੇਰਾ ਹੋਣ ਕਰਕੇ ਅਤੇ ਅਗਿਓਾ ਪੈਂਦੀਆਂ ਤਿੱਖੀਆਂ ਲਾਈਟਾਂ ਕਈ ਤੇਜ਼ ਰਫਤਾਰ ਗੱਡੀਆਂ ਇਧਰ-ਉਧਰ ਵੱਜਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਦਿਨੇ ਵੀ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ | ਸਕੂਟਰ ਮੋਟਰਸਾਈਕਲ ਵਾਲਿਆਂ ਨੇ ਤਾਂ ਇਸ ਸੜਕ ਤੋਂ ਲੰਘਣਾ ਹੀ ਬੰਦ ਕਰ ਦਿੱਤਾ ਹੈ ਕਿਉਂਕਿ ਖੱਡਿਆਂ 'ਚੋਂ ਸੜਕ ਨਜ਼ਰ ਹੀ ਨਹੀਂ ਆਉਂਦੀ | ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਵਿਚ ਪਏ ਡੂੰਘੇ-ਡੂੰਘੇ ਖੱਡਿਆਂ ਵਿਚੋਂ ਲੰਘ ਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਤਾਂ ਭਵਸਾਗਰ ਪਾਰ ਕਰਨ ਦੇ ਬਰਾਬਰ ਲੱਗ ਰਿਹਾ ਹੈ | ਇਸ ਸੰਬੰਧੀ ਸੜਕ ਨਿਰਮਾਣ ਅਧਿਕਾਰੀ ਨੇ ਦੱਸਿਆ ਕਿ ਸਮੁੰਦੜਾ ਵਿਖੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਢੁੱਕਵਾਂ ਹੱਲ ਨਹੀਂ ਹੋ ਸਕਿਆ ਹੈ ਅਤੇ ਰਾਜਮਾਰਗ ਦੇ ਨਾਲ ਲੱਗਦਾ ਛੱਪੜ ਪੂਰੀ ਤਰ੍ਹਾਂ ਨਾਲ ਭਰ ਜਾਣ ਕਰਕੇ ਇਸ ਦਾ ਵਾਧੂ ਪਾਣੀ ਸੜਕ 'ਤੇ ਆ ਖੜ੍ਹਾ ਹੋਇਆ ਹੈ, ਜਿਸ ਕਰਕੇ ਸੜਕ ਦੀ ਏਨੀ ਜ਼ਿਆਦਾ ਖਸਤਾ ਹਾਲਤ ਹੋਈ ਹੈ | ਉਨ੍ਹਾਂ ਦੱਸਿਆ ਕਿ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਰ ਪਾਣੀ ਦੀ ਰੁਕਾਵਟ ਕਰਕੇ ਹੀ ਇਸ ਦੇ ਨਿਰਮਾਣ ਵਿਚ ਦੇਰੀ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਵੀ ਡੂੰਘੇ ਖੱਡਿਆਂ 'ਚੋਂ ਪਾਣੀ ਬਾਹਰ ਕਢਵਾਇਆ ਗਿਆ ਹੈ | ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ |