ਬੰਗਾ, 9 ਮਈ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਹਲਕੇ ਵਿਚ ਵਿਸ਼ੇਸ਼ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ | ਇਸ ਮੁਹਿੰਮ ਤਹਿਤ ਈ-ਰਿਕਸ਼ਾ ਰਾਹੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ | ਵਿਧਾਇਕ ਸੁਖਵਿੰਦਰ ਸੁੱਖੀ ਨੇ ਬੰਗਾ ਵਿਖੇ ਈ-ਰਿਕਸ਼ਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਨ੍ਹਾਂ ਈ-ਰਿਕਸ਼ਾ 'ਤੇ ਨਸ਼ਾ ਵਿਰੋਧੀ ਸੰਦੇਸ਼, ਸਿਹਤ ਵਿਭਾਗ ਦਾ ਹੈਲਪਲਾਈਨ ਨੰਬਰ ਤੇ ਨਸ਼ਾ ਛੁਡਾਊ ਕੇਂਦਰਾਂ ਦੀ ਜਾਣਕਾਰੀ ਵਾਲੇ ਪੋਸਟਰ ਵੰਡੇ ਜਾਣਗੇ ਅਤੇ ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਵਿਧਾਇਕ ਸੁੱਖੀ ਨੇ ਕਿਹਾ ਕਿ ਨਸ਼ਾ ਸਾਡੀ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰ ਰਿਹਾ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ | ਇਸੇ ਲਈ ਬੰਗਾ ਹਲਕੇ ਦੇ ਹਰ ਪਿੰਡ ਤੱਕ ਇਹ ਸੰਦੇਸ਼ ਪਹੁੰਚਾਇਆ ਜਾਵੇਗਾ ਕਿ ਨਸ਼ਾ ਛੱਡੋ, ਜ਼ਿੰਦਗੀ ਚੁਣੋ | ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ ਰਾਹੀਂ ਪਿੰਡਾਂ ਦੀਆਂ ਗਲੀਆਂ, ਸਕੂਲਾਂ, ਕਾਲਜਾਂ ਤੇ ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਨਾਲ ਹੀ ਪੰਚਾਇਤਾਂ, ਕਲੱਬਾਂ, ਮਹਿਲਾ ਮੰਡਲਾਂ ਤੇ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲਿਆਂ ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਦਬਾਅ ਤੋਂ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੇਠੀ ਉਧਾਨਵਾਲ ਜ਼ਿਲ੍ਹਾ ਇੰਚਾਰਜ ਐਨ. ਐਮ. ਐਮ., ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਵਨ ਸਿੱਧੂ ਹਲਕਾ ਸੰਗਠਨ ਇੰਚਾਰਜ ਤੇ ਲੋਕ ਹਾਜ਼ਰ ਸਨ |