ਬੰਗਾ, 12 ਮਈ (ਧਰਮਵੀਰ ਪਾਲ) - ਸਫਾਈ ਸੇਵਕ ਯੂਨੀਅਨ ਬੰਗਾ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਠੇਕੇਦਾਰੀ ਪ੍ਰਥਾ ਨੂੰ ਬੰਦ ਕਰਵਾਉਣ, ਤਨਖਾਹਾਂ ਵਿੱਚ ਵਾਧਾ ਕਰਵਾਉਣ ਅਤੇ ਮਿਤੀ 31ਦਸੰਬਰ 2011 ਨੂੰ ਦਿੱਤੀ ਆਪਸ਼ਨ ਦੀ ਪੈਨਸ਼ਨ ਲਗਵਾਉਣ ਲਈ ਮਿਤੀ 6 ਮਈ ਤੋਂ ਮੰਗਾਂ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ 'ਕਲਮ ਛੋੜ ਹੜਤਾਲ' 7ਵੇਂ ਦਿਨ ਵੀ ਜਾਰੀ ਰਹੀ | ਇਸ ਮੌਕੇ 'ਤੇ ਡੋਗਰ ਰਾਮ ਪ੍ਰਧਾਨ ਅੰਬੇਡਕਰ ਸੈਨਾ ਮੂਲਨਿਵਾਸੀ ਨੇ ਸਾਥੀਆਂ ਸਮੇਤ ਪਹੁੰਚ ਕੇ ਹੜਤਾਲ ਨੂੰ ਸਮਰਥਨ ਦਿੱਤਾ | ਉਨ੍ਹਾਂ ਕਿਹਾ ਕਿ ਠੇਕਾ ਪ੍ਰਣਾਲੀ ਸਮਾਪਤ ਕਰਕੇ ਆਊਟਸੋਰਸ ਰਾਹੀਂ ਕੰਮ ਕਰਦੇ ਮਾਲੀ, ਬੇਲਦਾਰ, ਸੇਵਾਦਾਰ, ਇਲੈਕਟਿ੍ਸ਼ਨ, ਪੰਪ ਉਪਰੇਟਰ, ਕੰਪਿਊਟਰ ਉਪਰੇਟਰ, ਕਲਰਕ, ਡਰਾਇਵਰ, ਸਫਾਈ ਸੇਵਕ, ਸੀਵਰਮੈਨ ਆਦਿ ਅਤੇ ਫਾਇਰ ਬਿਗ੍ਰੇਡ ਦੇ ਮੁਲਾਜ਼ਮਾਂ ਨੂੰ ਰੈਗੂਲਰ ਪੋਸਟਾਂ 'ਤੇ ਵਿਭਾਗ ਅਧੀਨ ਕੀਤਾ ਜਾਵੇ | ਇਸ ਮੌਕੇ 'ਤੇ ਅਰੁਣ ਘਈ, ਸਚਿਨ ਘਈ ਅਤੇ ਹਰਮੇਸ਼ ਭੰਗਲ ਪ੍ਰਧਾਨ ਸਫਾਈ ਯੂਨੀਅਨ ਬੰਗਾ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਪੰਜਾਬ ਯੂਨੀਅਨ ਵੱਲੋਂ ਜੋ ਵੀ ਹੁਕਮ ਆਵੇਗਾ ਉਸਦੇ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਵਿਨੋਦ ਕੁਮਾਰ ਚੇਅਰਮੈਨ, ਬਲਵਿੰਦਰ ਘਈ, ਬੂਟਾ ਰਾਮ ਪ੍ਰਧਾਨ, ਬਲਵੀਰ ਚੰਦ, ਹੀਰਾ ਲਾਲ, ਰਵੀ ਕੁਮਾਰ, ਨੀਰਜ ਘਈ, ਅਨੀਤਾ, ਨੀਰਜ ਸਹੋਤਾ, ਸੱਤਿਆ, ਜੀਵਨ, ਰੇਨੂੰ ਸ਼ਾਮਵਤੀ, ਸੁਨੀਤਾ, ਸਰੋਜ ਰਾਣੀ, ਸੁੱਖਦੇਵ ਅਤੇ ਰਾਜਕੁਮਾਰ ਆਦਿ ਵੀ ਹਾਜਰ ਸਨ |
ਸਫ਼ਾਈ ਸੇਵਕ ਯੂਨੀਅਨ ਬੰਗਾ ਵਲੋਂ ਕਲਮ ਛੋੜ ਹੜਤਾਲ 7ਵੇਂ ਦਿਨ ਵੀ ਜਾਰੀ
ਅਜੀਤ ਡੈਸਕ
13-05-2026