ਬਲਾਚੌਰ, 12 ਮਈ (ਨਰੇਸ਼ ਧੌਲ)-ਮੌਜੂਦਾ ਸਰਕਾਰ ਵਲੋਂ ਬਲਾਚੌਰ ਭੱਦੀ ਮੁੱਖ ਸੜਕ ਦੇ ਨਵੀਨੀਕਰਨ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਹੈ ਪਰ ਇਸ ਕਾਰਜ ਦੀ ਧੀਮੀ ਗਤੀ ਹੋਣ ਕਾਰਨ ਰੋਜ਼ਾਨਾ ਹੀ ਰਾਹਗੀਰ ਤੇ ਦੁਕਾਨਦਾਰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ | ਸਥਾਨਕ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬੂਲੇਵਾਲ ਮੋੜ ਤੋਂ ਅੱਗੇ ਸੈਣੀ ਪੈਲਸ ਦੇ ਨਜ਼ਦੀਕ ਸੜਕ ਦੀ ਇਕ ਸਾਈਡ ਤੋਂ ਦੋ-ਦੋ ਫੁੱਟ ਪੁੱਟਾਈ ਕਰਕੇ ਉਸ ਦੀ ਮਿੱਟੀ ਦੇ ਢੇਰ ਦੁਕਾਨਾਂ ਅੱਗੇ ਲਗਾ ਦਿੱਤੇ ਗਏ ਹਨ | ਮਿੱਟੀ ਦੇ ਢੇਰ ਦੁਕਾਨਾਂ ਅੱਗੇ ਲੱਗ ਜਾਣ ਕਾਰਨ ਸਮੁੱਚੇ ਦੁਕਾਨਦਾਰਾਂ ਦਾ ਕੰਮ ਕਾਜ ਬਿਲਕੁਲ ਠੱਪ ਹੋਣ ਦੀ ਕਗਾਰ 'ਤੇ ਆ ਗਿਆ ਹੈ | ਇਸ ਤੋਂ ਇਲਾਵਾ ਮੁੱਖ ਸੜਕ ਹੋਣ ਕਾਰਨ ਆਵਾਜਾਈ ਵੀ ਬਹੁਤ ਰਹਿੰਦੀ ਹੈ ਇਸ ਪੁਟਾਈ ਵਾਲੇ ਸਥਾਨ 'ਤੇ ਲੰਬਾ ਸਮਾਂ ਵਾਹਨ ਚਾਲਕ ਖੱਜਲ ਖੁਆਰ ਹੁੰਦੇ ਰਹਿੰਦੇ ਹਨ ਤੇ ਜਾਮ ਲੱਗਾ ਰਹਿੰਦਾ ਹੈ | ਇਸ ਤੋਂ ਇਲਾਵਾ ਉਡ ਰਹੀ ਧੂੜ ਮਿੱਟੀ ਵੀ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ | ਸਕੂਲ ਕਾਲਜ ਨੂੰ ਜਾਣ ਵਾਲੇ ਵਿਦਿਆਰਥੀ ਇਸ ਸਥਾਨ 'ਤੇ ਜਾਮ ਵਿਚ ਫਸ ਕੇ ਅਕਸਰ ਹੀ ਲੇਟ ਹੋ ਰਹੇ ਹਨ | ਪਰ ਸੰਬੰਧਤ ਠੇਕੇਦਾਰ ਵਲੋਂ ਇਹ ਕਾਰਜ ਬਹੁਤ ਹੀ ਧੀਮੀ ਗਤੀ ਵਿਚ ਕੀਤਾ ਜਾ ਰਿਹਾ ਹੈ, ਜਿਸ 'ਤੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਅੰਦਰ ਨਾਮੋਸ਼ੀ ਦਾ ਆਲਮ ਪਾਇਆ ਜਾ ਰਿਹਾ ਹੈ | ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸੜਕ ਦੇ ਚੱਲ ਰਹੇ ਇਸ ਨਵੀਨੀਕਰਨ ਦੇ ਕਾਰਜ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਦੁਕਾਨਾਂ ਅੱਗੇ ਲਗਾਏ ਗਏ ਮਿੱਟੀ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ ਤਾਂ ਜੋ ਜਿਥੇ ਆਵਾਜਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ ਉਥੇ ਦੁਕਾਨਦਾਰਾਂ ਦੇ ਕੰਮ ਕਾਜ ਵੀ ਚਲਾਏ ਜਾ ਸਕਣ |