ਰੱਤੇਵਾਲ, 12 ਮਈ (ਅਸ਼ੋਕ ਕੁਮਾਰ ਲੀਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਲਾਕੇ ਵਿਚ ਝੰਡੇ ਗੱਡ ਦਿੱਤੇ ਹਨ | ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਦੀ ਹੋਣਹਾਰ ਵਿਦਿਆਰਥਣ ਮੁਸਕਾਨ ਨੇ 650 'ਚੋਂ 623 ਅੰਕ ਹਾਸਿਲ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੈਰਿਟ ਸੂਚੀ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਚਮਕਾਇਆ ਹੈ | ਸਕੂਲ ਪੱਧਰ 'ਤੇ ਏਕਮਜੋਤ ਨੇ ਦੂਜਾ ਤੇ ਕਮਲਜੀਤ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ | ਨਤੀਜਿਆਂ ਦੀ ਖੁਸ਼ੀ ਸਾਂਝੀ ਕਰਦਿਆਂ ਕਲਾਸ ਇੰਚਾਰਜ ਮੈਡਮ ਹਰਦੀਪ ਕੌਰ ਨੇ ਬੜੇ ਮਾਣ ਤੇ ਫ਼ਖ਼ਰ ਨਾਲ ਦੱਸਿਆ ਕਿ ਸਾਡੀ ਜਮਾਤ ਦੇ ਸਾਰੇ 80 ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਵਿਚ ਕਮਾਲ ਕਰ ਦਿੱਤੀ ਹੈ | ਇਸ ਮਾਣਮੱਤੀ ਪ੍ਰਾਪਤੀ ਦੀ ਖੁਸ਼ੀ ਵਿਚ ਸਕੂਲ ਵਿਚ ਕਰਵਾਈ ਸਵੇਰ ਦੀ ਸਭਾ ਦੌਰਾਨ ਸਕੂਲ ਦੇ ਪਿ੍ੰਸੀਪਲ-ਕਮ-ਸਹਾਇਕ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਬੱਚਿਆਂ ਨੂੰ ਵੱਡੀ ਪ੍ਰੇਰਨਾ ਦਿੰਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੀ ਧੀ ਮੁਸਕਾਨ ਨੇ ਪੂਰੇ ਜ਼ਿਲ੍ਹੇ ਵਿਚ ਤੀਜਾ ਸਥਾਨ ਹਾਸਿਲ ਕਰਕੇ ਅੱਜ ਸਾਡਾ ਸਾਰਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ |