ਨਵਾਂਸ਼ਹਿਰ, 12 ਮਈ (ਦੀਦਾਰ ਸਿੰਘ ਸ਼ੇਤਰਾ)-ਗਰਮੀ ਤੇ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਵਾਟਰ ਬੌਰਨ ਬਿਮਾਰੀਆਂ ਦੇ ਸੰਭਾਵਿਤ ਖ਼ਤਰੇ ਨੂੰ ਦੇਖਦਿਆਂ ਜ਼ਿਲ੍ਹਾ ਸਿਹਤ ਵਿਭਾਗ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਰੋਕਥਾਮ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ (ਆਈ. ਡੀ. ਐੱਸ. ਪੀ.) ਸ੍ਰੀਮਤੀ ਸ਼ਿਆਮਾ ਦੇਵੀ ਬੇਦਾ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਅਤੇ ਬਚਾਅ ਸੰਬੰਧੀ ਇਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸਿਹਤ ਬਲਾਕ ਮੁਜ਼ੱਫਰਪੁਰ ਦੇ ਸਮੂਹ ਹੈਲਥ ਸੁਪਰਵਾਈਜ਼ਰਾਂ ਤੇ ਅਰਬਨ ਨਵਾਂਸ਼ਹਿਰ ਤੋਂ ਐੱਲ. ਐੱਚ. ਵੀਜ਼, ਏ. ਐੱਨ. ਐੱਮਜ਼ ਤੇ ਆਸ਼ਾ ਵਰਕਰਾਂ ਨੇ ਭਾਗ ਲਿਆ | ਸ੍ਰੀਮਤੀ ਸ਼ਿਆਮਾ ਦੇਵੀ ਬੇਦਾ ਨੇ ਡਾਇਰੀਆ, ਗੈਸਟ੍ਰੋਐਂਟਰਾਈਟਿਸ, ਟਾਈਫਾਇਡ ਤੇ ਹੈਪਾਟਾਈਟਿਸ-ਏ/ਈ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੀਲਡ ਪੱਧਰ 'ਤੇ ਤੁਰੰਤ ਕਾਰਵਾਈਆਂ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਵਾਟਰ ਸੈਂਪਲਿੰਗ, ਕਲੋਰੀਨੇਸ਼ਨ ਤੇ ਪਾਣੀ ਦੇ ਸਰੋਤਾਂ ਦੀ ਸਾਫ-ਸਫਾਈ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ | ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਜਨਤਕ ਥਾਵਾਂ 'ਤੇ ਸਫਾਈ ਪ੍ਰਬੰਧ ਮਜ਼ਬੂਤ ਕੀਤੇ ਜਾਣ ਤੇ ਲੋਕਾਂ ਨੂੰ ਸਾਫ ਪਾਣੀ ਅਤੇ ਸਾਫ-ਸੁਥਰੇ ਖਾਣ-ਪੀਣ ਸੰਬੰਧੀ ਜਾਗਰੂਕ ਕੀਤਾ ਜਾਵੇ | ਨਾਲ ਹੀ ਸਿਹਤ ਸੰਸਥਾਵਾਂ ਵਿਚ ਓ. ਆਰ. ਐੱਸ. ਪੈਕਟ, ਕਲੋਰੀਨ ਗੋਲੀਆਂ, ਲੋੜੀਂਦੀਆਂ ਦਵਾਈਆਂ ਤੇ ਹੋਰ ਜ਼ਰੂਰੀ ਸਮੱਗਰੀ ਦੀ ਉਪਲੱਬਧਤਾ ਹਰ ਹਾਲਤ ਵਿਚ ਯਕੀਨੀ ਬਣਾਉਣ ਦੇ ਆਦੇਸ਼ ਵੀ ਜਾਰੀ ਕੀਤੇ ਗਏ | ਮੀਟਿੰਗ ਦੌਰਾਨ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਕਿਸੇ ਵੀ ਵਾਟਰ ਬੌਰਨ ਬਿਮਾਰੀ ਦੇ ਕੇਸ ਜਾਂ ਆਊਟਬ੍ਰੇਕ ਦੀ ਸੂਚਨਾ ਤੁਰੰਤ ਆਈ. ਡੀ. ਐੱਸ. ਪੀ. ਯੂਨਿਟ ਨੂੰ ਭੇਜੀ ਜਾਵੇ | ਇਸ ਮੌਕੇ ਹੈਲਥ ਇੰਸਪੈਕਟਰ ਰਾਜੀਵ ਕੁਮਾਰ, ਜੋਗਿੰਦਰਪਾਲ ਸਿੰਘ ਤੇ ਡੀ. ਈ. ਓ. ਸੁਨੀਤਾ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ |