ਬੰਗਾ, 12 ਮਈ (ਧਰਮਵੀਰ ਪਾਲ)-ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਤੇ ਪ੍ਰੋ. ਸੰਦੀਪ ਕੌਰ ਮੁਖੀ ਕੰਪਿਊਟਰ ਸਾਇੰਸ ਵਿਭਾਗ ਦੀ ਦੇਖ-ਰੇਖ ਅਧੀਨ 'ਆਰਟੀਫਿਸ਼ਲ ਇੰਟੈਲੀਜੈਂਸ ਟੂਲਜ਼' ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ | ਜਿਸ ਵਿਚ ਡਾ. ਅਜੇ ਦੱਤਾ ਮੁਖੀ ਕੰਪਿਊਟਰ ਸਾਇੰਸ ਵਿਭਾਗ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਏ. ਆਈ ਟੂਲਜ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਏ. ਆਈ. ਟੂਲਜ਼ ਨਾ ਸਿਰਫ ਕੰਮ ਨੂੰ ਆਸਾਨ ਬਣਾਉਂਦੇ ਹਨ ਸਗੋਂ ਕਮਾਈ ਦਾ ਸਾਧਨ ਵੀ ਬਣਦੇ ਹਨ | ਇਨ੍ਹਾਂ ਦੀ ਸਹੀ ਵਰਤੋਂ ਨਾਲ ਵਧੀਆ ਆਮਦਨੀ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਟੂਲਜ਼ ਨੂੰ ਆਪਣੇ ਪੜ੍ਹਾਈ ਲਈ ਸੁਚੱਜੇ ਢੰਗ ਨਾਲ ਵਰਤਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਕੁਝ ਏ. ਆਈ. ਟੂਲਜ਼ ਦੀ ਲਾਈਵ ਡੈਮੋ ਵੀ ਦਿੱਤੀ, ਜਿਸ ਵਿਚ ਆਸਾਈਨਮੈਂਟ, ਪੀਪੀਟੀਜ਼ ਤੇ ਕੋਡਿੰਗ ਬਹੁਤ ਘੱਟ ਸਮੇਂ ਵਿਚ ਤਿਆਰ ਕਰਕੇ ਵੀ ਦਿਖਾਈ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਏ. ਆਈ. ਨਾਲ ਜੁੜੇ ਵੱਖ-ਵੱਖ ਪ੍ਰਸ਼ਨ ਪੁੱਛੇ ਜਿਨ੍ਹਾਂ ਦੇ ਉੱਤਰ ਡਾ. ਅਜੇ ਦੱਤਾ ਵਲੋਂ ਬਹੁਤ ਹੀ ਸੌਖੇ ਤੇ ਸਰਲ ਢੰਗ ਨਾਲ ਦੇ ਕੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕੀਤਾ | ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਨੇ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਨੂੰ ਭਵਿੱਖ ਦੀ ਤਿਆਰੀ ਲਈ ਤਕਨੀਕੀ ਰੂਪ ਵਿੱਚ ਮਜ਼ਬੂਤ ਬਣਾਉਂਦੇ ਹਨ | ਪ੍ਰੋ. ਸੰਦੀਪ ਕੌਰ ਨੇ ਕਿਹਾ ਕਿ ਇਹ ਸੈਮੀਨਾਰ ਵਿਦਿਆਰਥੀਆਂ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ, ਜਿਸ ਨੂੰ ਸਮਝਣਾ ਵੀ ਜਰੂਰੀ ਹੈ | ਇਸ ਮੌਕੇ ਪ੍ਰੋ. ਰੁਪਿੰਦਰ ਕੌਰ, ਪ੍ਰੋ. ਪਿ੍ਯਾ, ਪ੍ਰੋ. ਗੁਰਸ਼ਾਨ ਸਿੰਘ, ਪ੍ਰੋ. ਕਮਲੇਸ਼, ਪ੍ਰੋ. ਇੰਦਰਜੀਤ ਕੌਰ ਤੇ ਪ੍ਰੋ. ਹਰਮਨ ਅਤੇ ਵਿਦਿਆਰਥੀ ਹਾਜ਼ਰ ਸਨ |