ਜਾਡਲਾ, 12 ਮਈ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਦੀ ਸਿਆਸਤ ਵਿਚ ਜਾਂਚ ਏਜੰਸੀਆਂ ਦੀ ਵਰਤੋਂ ਨਖਿੱਧ ਪ੍ਰਬੰਧਾਂ ਦੀ ਮੂੰਹ ਬੋਲਦੀ ਤਸਵੀਰ ਹੈ | ਇਸ ਗੱਲ ਦਾ ਪ੍ਰਗਟਾਵਾ ਸੀ. ਪੀ. ਆਈ. ਐਮ. ਐਲ ਦੇ ਭੁਪਿੰਦਰ ਸਿੰਘ ਵੜੈਚ ਨੇ ਪਿੰਡ ਉਟਾਲਾਂ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਈ. ਡੀ. ਤੇ ਵਿਜੀਲੈਂਸ ਦੀਆਂ ਕਾਰਵਾਈਆਂ ਨੇ ਆਮ ਲੋਕਾਂ ਨੂੰ ਉਲਝਣ ਵਿਚ ਪਾਇਆ ਹੋਇਆ ਹੈ | ਅਸਲ ਵਿਚ ਕਾਨੂੰਨ ਚੱਲ ਰਿਹਾ ਹੈ ਜਾਂ ਬਦਲਾਖੋਰੀ ਹੈ? ਜਦੋਂ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਛੇ ਤੇ ਦਿੱਲੀ ਤੋਂ ਇਕ (ਸੱਤ ਰਾਜ ਸਭਾ ਮੈਂਬਰ) ਭਾਰਤੀ ਜਨਤਾ ਪਾਰਟੀ ਦੇ ਵਿਹੜੇ ਜਾ ਬੈਠੇ ਹਨ | ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਨੇ ਨਵਾਂ ਮੋੜ ਫੜ ਲਿਆ ਹੈ | ਬੰਗਾਲ ਦੀ ਸਤਾ 'ਤੇ ਭਾਜਪਾ ਦੇ ਕਾਬਜ਼ ਹੋਣ ਨਾਲ ਪੰਜਾਬ ਵਿਚ ਵੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਪੰਜਾਬ ਅਤੇ ਕੇਂਦਰ ਸਰਕਾਰ ਨੇ ਆਪੋ ਆਪਣੇ ਢੰਗ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਰੱਖਿਆ ਹੈ | ਭੁਪਿੰਦਰ ਵੜੈਚ ਨੇ ਕਿਹਾ ਤੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ, ਜਿਨ੍ਹਾਂ ਵਿਚ ਸੱਤਾਧਾਰੀ ਪਾਰਟੀ ਦੇ ਦਿੱਲੀ ਨਾਲ ਸੰਬੰਧਿਤ ਸੀਨੀਅਰ ਆਗੂ ਆਪਣੇ ਵਰਕਰਾਂ ਨੂੰ ਸਾਮ, ਦਾਮ, ਦੰਡ, ਭੇਦ ਦਾ ਪਾਠ ਪੜ੍ਹਾਉਂਦੇ ਨਜ਼ਰ ਆਏ | ਉਨ੍ਹਾਂ ਕਿਹਾ ਕਿ ਸਰਕਾਰ ਤੋਂ ਬਾਹਰ ਬੈਠੀਆਂ ਵਿਰੋਧੀ ਪਾਰਟੀਆਂ ਦੇ ਆਗੂ ਇਸ ਪੂਰੇ ਘਟਨਾਕ੍ਰਮ ਨੂੰ ਸੋਝੀ ਸਮਝੀ ਰਣਨੀਤੀ ਤਹਿਤ ਦੋਸਤਾਂਨਾ ਮੈਚ ਦੱਸ ਰਹੇ ਹਨ |