ਪੋਜੇਵਾਲ ਸਰਾਂ, 14 ਮਈ (ਨਵਾਂਗਰਾਈਾ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿਚ ਪਿਛਲੇ ਸਵਾ ਦੋ ਸਾਲ ਤੋਂ ਲਗਾਤਾਰ ਚੱਲ ਰਹੀ ਹੈ, ਦਾ ਮੌਕਾ ਵੇਖਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ 'ਤੇ ਕੰਮ ਵਾਲੇ ਸਥਾਨ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਸੰਤਾਂ ਵਲੋਂ ਕੀਤੀ ਜਾ ਰਹੀ ਇਸ ਅਨੋਖੀ ਸੇਵਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਨਾਲ ਸੰਗਤਾਂ ਦੀ ਦਹਾਕਿਆ ਦੀ ਮੰਗ ਪੂਰੀ ਹੋ ਰਹੀ ਤੇ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ | ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅੱਗੇ ਕਿਹਾ ਕਿ ਹਰ ਸਾਲ ਹੋਲਾ ਮਹੱਲਾ ਤੇ ਹੋਰ ਤਿਉਹਾਰਾਂ ਮੌਕੇ ਪੰਜਾਬ ਦੇ ਤਕਰੀਬਨ 16 ਜ਼ਿਲਿ੍ਹਆਂ ਦੀ ਸੰਗਤ ਇਸ ਮਾਰਗ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ 'ਤੇ ਪੁੱਜਦੀ ਹੈ ਪਰ ਲੰਬੇ ਸਮੇਂ ਤੋਂ ਇਹ ਸੜਕ ਬਣਾਉਣ ਦੇ ਲਈ ਸਰਕਾਰਾਂ ਵਲੋਂ ਕੋਈ ਖਾਸ ਯਤਨ ਨਹੀਂ ਕੀਤੇ | ਹੁਣ ਸੰਗਤ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਮਜਬੂਰਨ ਕਾਰ ਸੇਵਾ ਸੰਪਰਦਾਇ ਵਲੋਂ ਆਪਣੇ ਪੱਧਰ 'ਤੇ ਜੋ ਕੰਮ ਕੀਤੇ ਹਨ ਉਹ ਇਕ ਸ਼ਲਾਘਾਯੋਗ ਕਦਮ ਹੈ | ਉੁਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਰਗ ਦੀ ਮਹੱਤਤਾ ਨੂੰ ਦੇਖਦੇ ਹੋਏ ਇਸ ਮਾਰਗ ਬਾਰੇ ਤੁਰੰਤ ਕੋਈ ਫੈਸਲਾ ਲਵੇ | ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਨੇ ਕਿਹਾ ਇਸ ਸੇਵਾ ਕਾਰਨ ਸੰਤ ਬਾਬਾ ਸਤਨਾਮ ਸਿੰਘ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਦਾ ਨਾਂਅ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ | ਉਹ ਸੰਗਤਾ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸੇਵਾ 'ਚ ਆਪਣਾ ਯੋਗਦਾਨ ਜਰੂਰ ਪਾਉਣ | ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ 16 ਫਰਵਰੀ 2024 ਨੂੰ ਇਸ ਮਾਰਗ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਤੱਕ 90 ਫੀਸਦੀ ਕੰਮ ਮੁਕੰਮਲ ਹੋ ਗਿਆ ਤੇ ਇਸ ਮਾਰਗ ਦਾ ਬਾਕੀ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਮੌਕੇ ਠਕੇਦਾਰ ਮਨਜਿੰਦਰ ਸਿੰਘ ਅਟਵਾਲ, ਸਤਨਾਮ ਸਿੰਘ ਮੁਣਸ਼ੀ, ਜਥੇਦਾਰ ਸਾਹਿਬ ਸਿੰਘ ਸਾਹਬਾ, ਮਲਕੀਤ ਸਿੰਘ ਗੁਰਦਾਸਪੁਰ, ਡਾ. ਹਰਵਿੰਦਰ ਸਿੰਘ ਬਾਠ, ਸਰਦਾਰ ਮਲਕੀਤ ਸਿੰਘ, ਬਲਵੀਰ ਸਿੰਘ, ਗੁਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਬੈਂਸ, ਬਲਵੀਰ ਸਿੰਘ ਸੁਪਰਡੈਂਟ, ਹਰਪਾਲ ਸਿੰਘ ਪਾਲੀ ਕਾਹਨਪੁਰਖੂਹੀ, ਸਿਮਰਨ ਸਿੰਘ ਆਦਿ ਸਮੇਤ ਸਮੂਹ ਸੇਵਾਦਾਰ ਹਾਜਰ ਸਨ |