ਨਵਾਂਸ਼ਹਿਰ, 14 ਮਈ (ਜਸਬੀਰ ਸਿੰਘ ਨੂਰਪੁਰ)-ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਜ਼ਿਲ੍ਹੇ ਵਿਚ ਸੜਕ ਹਾਦਸਿਆਂ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਾਵਾਂ ਦਾ ਜਾਇਜ਼ਾ ਲਿਆ | ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ ਪ੍ਰਸ਼ਾਸਨ ਦੀ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ, ਕਾਲਜਾਂ, ਬਾਜ਼ਾਰਾਂ ਅਤੇ ਪਿੰਡਾਂ ਵਿਚ ਟ੍ਰੈਫਿਕ ਨਿਯਮਾਂ ਸੰਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾਣ ਤਾਂ ਜੋ ਲੋਕਾਂ, ਖਾਸ ਕਰਕੇ ਨੌਜਵਾਨਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮਟ, ਸੀਟ ਬੈਲਟ ਅਤੇ ਨਸ਼ੇ ਵਿੱਚ ਗੱਡੀ ਨਾ ਚਲਾਉਣ ਦੇ ਮਹੱਤਵ ਬਾਰੇ ਦੱਸਿਆ ਜਾ ਸਕੇ | ਵਧੀਕ ਡਿਪਟੀ ਕਮਿਸ਼ਨਰ ਨੇ ਸੜਕਾਂ 'ਤੇ ਬਲੈਕ ਸਪਾਟਸ ਦੀ ਪਛਾਣ ਕਰਕੇ ਉਨ੍ਹਾਂ ਤੇ ਤੁਰੰਤ ਸੁਧਾਰਾਤਮਕ ਕਾਰਵਾਈ ਕਰਨ, ਸਪੀਡ ਬ੍ਰੇਕਰ, ਸਾਈਨ ਬੋਰਡ ਤੇ ਸਟ੍ਰੀਟ ਲਾਈਟਾਂ ਲਗਾਉਣ ਦੇ ਨਿਰਦੇਸ਼ ਵੀ ਦਿੱਤੇ | ਉਨ੍ਹਾਂ ਪੁਲਿਸ ਵਿਭਾਗ ਨੂੰ ਓਵਰ ਸਪੀਡਿੰਗ, ਓਵਰਲੋਡਿੰਗ ਅਤੇ ਨਾਬਾਲਗਾਂ ਵਲੋਂ ਵਾਹਨ ਚਲਾਉਣ 'ਤੇ ਸਖ਼ਤੀ ਨਾਲ ਕਾਰਵਾਈ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਹਫ਼ਤੇ ਤੇ ਹੋਰ ਮੁਹਿੰਮਾਂ ਦੌਰਾਨ ਸਿਵਲ ਸੁਸਾਇਟੀ, ਐਨ. ਜੀ. ਓਜ਼ ਤੇ ਸਵੈ-ਸੇਵੀ ਸੰਸਥਾਵਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ | ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਾਦਸੇ ਵਾਲੀਆਂ ਥਾਵਾਂ 'ਤੇ ਐਮਰਜੈਂਸੀ ਸੇਵਾਵਾਂ ਮਜ਼ਬੂਤ ਕਰਨ ਤੇ ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਸਹਾਇਕ ਕਮਿਸ਼ਨਰ ਰਮਨਜੀਤ, ਆਰ. ਟੀ. ਓ. ਇੰਦਰ ਪਾਲ ਤੇ ਵੱਖ-ਵੱਖ ਦੇ ਅਧਿਕਾਰੀ ਹਾਜ਼ਰ ਸਨ |
ਵਧੀਕ ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਕਮੇਟੀ ਦੀ ਕੀਤੀ ਮੀਟਿੰਗ
ਅਜੀਤ ਡੈਸਕ
15-05-2026