ਬਲਾਚੌਰ, 15 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਜ਼ਿਲ੍ਹੇ ਵਿਚ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਤੇ ਡਿਜੀਟਲ ਡਾਟਾ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰਜੀਤ ਕੌਰ ਦੀ ਦੇਖ-ਰੇਖ ਹੇਠ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਐੱਲ. ਐੱਚ. ਵੀਜ਼, ਸੀ. ਐੱਚ. ਓਜ਼ ਤੇ ਏ. ਐੱਨ. ਐੱਮਜ਼ ਲਈ ਰੀਪ੍ਰੋਡਕਟਿਸ ਤੇ ਬਾਲ ਸਿਹਤ (ਆਰ. ਸੀ. ਐੱਚ.) ਤੇ ਸਿਹਤ ਪ੍ਰਬੰਧਨ ਸੂਚਨਾ ਸਿਸਟਮ (ਐੱਚ. ਐੱਮ. ਆਈ. ਐੱਸ.) ਸੰਬੰਧੀ ਟ੍ਰੇਨਿੰਗ ਕਰਵਾਈ ਗਈ | ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਜਿਟਲ ਪਲੇਟਫਾਰਮਾਂ ਦੀ ਭੂਮਿਕਾ ਨੂੰ ਉਤਸ਼ਾਹਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਡਾਟਾ ਸਹੀ ਹੋਵੇਗਾ ਤਾਂ ਭਲਾਈ ਸਕੀਮਾਂ ਦੀ ਯੋਜਨਾ ਬਣਾਉਣ 'ਤੇ ਲਾਗੂ ਕਰਨ ਵਿਚ ਤੇਜ਼ੀ ਆਵੇਗੀ, ਜਿਸ ਨਾਲ ਲੋਕਾਂ ਤੱਕ ਸਿਹਤ ਸੇਵਾਵਾਂ ਦਾ ਲਾਭ ਸਮੇਂ ਸਿਰ ਪਹੁੰਚੇਗਾ | ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ | ਜ਼ਿਲ੍ਹਾ ਪ੍ਰੋਗਰਾਮ ਅਫਸਰ ਰਾਮ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਨਾਲ ਸਿਹਤ ਕਰਮਚਾਰੀਆਂ ਦੀ ਕਾਰਗੁਜ਼ਾਰੀ ਵਿਚ ਨਿਖਾਰ ਆਉਂਦਾ ਹੈ ਅਤੇ ਸਰਕਾਰੀ ਯੋਜਨਾਵਾਂ ਦੀ ਪਹੁੰਚ ਆਮ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਬਣਦੀ ਹੈ | ਜ਼ਿਲ੍ਹਾ ਨਿਗਰਾਨ ਤੇ ਮੁਲਾਂਕਣ ਅਫਸਰ ਗੁਰਪ੍ਰੀਤ ਸਿੰਘ ਨੇ ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਡਾਟਾ ਐਂਟਰੀ ਦੇ ਨਵੇਂ ਮਾਪਦੰਡਾਂ, ਰਿਪੋਰਟਿੰਗ ਪ੍ਰਣਾਲੀ ਤੇ ਆਨਲਾਈਨ ਮਾਨੀਟਰਿੰਗ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਨਾਲ ਹੀ ਫੀਲਡ ਪੱਧਰ 'ਤੇ ਆਉਣ ਵਾਲੀਆਂ ਆਮ ਸਮੱਸਿਆਵਾਂ ਤੇ ਉਨ੍ਹਾਂ ਦੇ ਤੁਰੰਤ ਹੱਲਾਂ 'ਤੇ ਵੀ ਚਰਚਾ ਕੀਤੀ ਗਈ | ਵਿਸ਼ੇਸ਼ ਧਿਆਨ ਇਸ ਗੱਲ 'ਤੇ ਦਿੱਤਾ ਗਿਆ ਕਿ ਹਰ ਇਕ ਸਿਹਤ ਕਰਮਚਾਰੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਡਾਟਾ ਦੀ ਸ਼ੁੱਧਤਾ ਤੇ ਪੂਰਨਤਾ ਨੂੰ ਯਕੀਨੀ ਬਣਾਵੇ |