ਜਾਡਲਾ, 15 ਮਈ (ਹਰਕੰਵਲ ਸਿੰਘ ਕੌਲਗੜ੍ਹ)-ਕਸਬਾ ਜਾਡਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਮੱਕੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਵਲੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤੇ ਮਾਮੂਲੀ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ | ਇਸ ਵਾਧੇ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਹਰਪਾਲ ਸਿੰਘ ਮੱਕੋਵਾਲ ਨੇ ਕਿਹਾ ਕਿ ਡੀਜ਼ਲ, ਖਾਦਾਂ, ਕੀਟਨਾਸ਼ਕ ਦਵਾਈਆਂ, ਲੇਬਰ ਤੇ ਹੋਰ ਰੋਜ਼ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲਾਗਤ ਕਈ ਗੁਣਾ ਵਧ ਗਈ ਹੈ, ਪਰ ਝੋਨੇ ਦੇ ਭਾਅ 'ਚ ਨਾ-ਮਾਤਰ ਵਾਧਾ ਕਰਕੇ ਸਰਕਾਰ ਨੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਫ਼ਸਲਾਂ ਦੇ ਰੇਟ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐਲਾਨੇ ਜਾਣ | ਜਦੋਂ ਤੱਕ ਲਾਗਤ ਤੇ ਮੁਨਾਫ਼ਾ ਜੋੜ ਕੇ ਭਾਅ ਨਹੀਂ ਦਿੱਤਾ ਜਾਂਦਾ, ਕਿਸਾਨ ਕਰਜ਼ੇ 'ਚੋਂ ਨਹੀਂ ਨਿਕਲ ਸਕਦਾ | ਉਨ੍ਹਾਂ ਕਿਹਾ ਕਿ ਮੌਜੂਦਾ ਵਾਧਾ ਮਹਿੰਗਾਈ ਦੀ ਦਰ ਦੇ ਮੁਕਾਬਲੇ ਕੁਝ ਵੀ ਨਹੀਂ | ਭਾਕਿਯੂ ਆਗੂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਬਾਂਹ ਫੜਨ | ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ, ਉਨ੍ਹਾਂ ਚਿਤਾਵਨੀ ਦਿੱਤੀ ਜੇ ਸਰਕਾਰ ਨੇ ਤੁਰੰਤ ਲਾਗਤ ਮੁਤਾਬਕ ਰੇਟ ਨਾ ਦਿੱਤੇ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਪ੍ਰੇਮ ਸਿੰਘ ਸਾਬਕਾ ਸਰਪੰਚ, ਦੇਵ ਰਾਜ ਫੌਜੀ ਮੁੱਤੋ, ਚਰਨਜੀਤ ਸਿੰਘ, ਰਾਜੀਵ ਕੁਮਾਰ ਹਾਜ਼ਿਰ ਸਨ |