ਕਾਠਗੜ੍ਹ, 20 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਕੇਂਦਰ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੇ ਕਿਸਾਨਾਂ ਤੇ ਆਮ ਲੋਕਾਂ 'ਤੇ ਆਰਥਿਕ ਬੋਝ ਹੋਰ ਵਧਾ ਦਿੱਤਾ ਹੈ | ਜਿਸ ਨਾਲ ਮੱਧ ਵਰਗ ਦੇ ਲੋਕਾਂ ਦਾ ਲੱਕ ਟੁੱਟ ਗਿਆ ਹੈ | ਸੀਨੀਅਰ 'ਆਪ' ਆਗੂ ਅਤੇ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਬਿ੍ਗੇਡੀਅਰ ਰਾਜ ਕੁਮਾਰ ਨੇ ਕਿਹਾ ਇਸ ਵਾਧੇ ਦਾ ਅਸਰ ਮਹਿੰਗਾਈ 'ਤੇ ਸਿੱਧਾ ਦਿਖਾਈ ਦੇਵੇਗਾ | ਉਨ੍ਹਾਂ ਕਿਹਾ ਕਿ ਡੀਜ਼ਲ-ਪੈਟਰੋਲ ਮਹਿੰਗਾ ਹੋਣ ਨਾਲ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਵਧ ਜਾਣਗੇ | ਸਬਜ਼ੀਆਂ, ਦਾਲਾਂ, ਦੁੱਧ ਸਮੇਤ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ | ਜਿਸ ਨਾਲ ਹੀ ਆਵਾਜਾਈ ਦੇ ਸਾਧਨਾਂ ਦੇ ਰੇਟ ਵੀ ਵੱਧ ਜਾਣਗੇ | ਬੱਸਾਂ, ਆਟੋ, ਟੈਕਸੀ ਦਾ ਕਿਰਾਇਆ ਵਧਣ ਨਾਲ ਆਮ ਆਦਮੀ ਦੀ ਜੇਬ 'ਤੇ ਸਿੱਧਾ ਡਾਕਾ ਪਵੇਗਾ | ਬਿ੍ਗੇਡੀਅਰ ਰਾਜ ਕੁਮਾਰ ਨੇ ਵਧੀਆ ਕੀਮਤਾਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ | ਡੀਜ਼ਲ ਮਹਿੰਗਾ ਹੋਣ ਨਾਲ ਕਟਾਈ ਤੇ ਬਿਜਾਈ ਦੇ ਸਾਧਨਾਂ ਦੇ ਰੇਟ ਵੀ ਅਸਮਾਨ ਛੂਹਣ ਲੱਗ ਪੈਣਗੇ | ਬਿ੍ਗੇਡੀਅਰ ਰਾਜ ਕੁਮਾਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਵਧੀਆਂ ਕੀਮਤਾਂ ਵਾਪਸ ਲਵੇ ਤੇ ਕਿਸਾਨਾਂ ਨੂੰ ਡੀਜ਼ਲ 'ਤੇ ਵਿਸ਼ੇਸ਼ ਰਾਹਤ ਦੇਵੇ |