ਨਵਾਂਸ਼ਹਿਰ, 26 ਮਈ (ਜਸਬੀਰ ਸਿੰਘ ਨੂਰਪੁਰ) - ਡਿਪਟੀ ਕਮਿਸ਼ਨਰ-ਕਮ-ਜ਼ਿਲ-ਾ ਚੋਣ ਅਫਸਰ ਗੁਲਪ੍ਰੀਤ ਸਿੰਘ ਔਲਖ ਅਤੇ ਸੀਨੀਅਰ ਪੁਲਿਸ ਕਪਤਾਨ ਤੁਸ਼ਾਰ ਗੁਪਤਾ ਨੇ ਜ਼ਿਲੇ ਦੀਆਂ ਤਿੰਨ ਨਗਰ ਕੌਂਸਲਾਂ ਵਿੱਚ ਚੱਲ ਰਹੀ ਪੋਲਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ ਤਾਂ ਜੋ ਚੋਣਾਂ ਨੂੰ ਸੁਚਾਰੂ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ | ਵੱਖ-ਵੱਖ ਪੋਲਿੰਗ ਬੂਥਾਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਤਾਰਾਂ ਵਿੱਚ ਖੜੇ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਉਨਾਂ ਦਾ ਕੀਮਤੀ ਫੀਡਬੈਕ ਲਿਆ | ਉਨਾਂ ਪੋਲਿੰਗ ਦੇ ਸੁਚਾਰੂ ਸੰਚਾਲਨ ਅਤੇ ਵੋਟਰਾਂ ਦੀ ਭਾਗੀਦਾਰੀ 'ਤੇ ਤਸੱਲੀ ਪ੍ਰਗਟ ਕੀਤੀ | ਚੋਣਾਂ ਨੂੰ ਲੋਕਤੰਤਰ ਦੀ ਬੁਨਿਆਦ ਦੱਸਦਿਆਂ ਸ. ਔਲਖ ਨੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਵੋਟਰਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ | ਉਨਾਂ ਵੋਟਰਾਂ ਨੂੰ ਲੋਕਤੰਤਰ ਨੂੰ ਜੀਵੰਤ ਅਤੇ ਮਜ਼ਬੂਤ ਰੱਖਣ ਲਈ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ | ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਬੂਥਾਂ 'ਤੇ ਤਾਇਨਾਤ ਪੋਲਿੰਗ ਅਮਲੇ ਨਾਲ ਵੀ ਗੱਲਬਾਤ ਕੀਤੀ ਅਤੇ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਪ੍ਰਤੀ ਉਨਾਂ ਦੀ ਲਗਨ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ | ਇਸ ਦੌਰਾਨ ਐਸ.ਐਸ.ਪੀ. ਤੁਸ਼ਾਰ ਗੁਪਤਾ ਨੇ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਉਨਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ |
ਡੀ.ਸੀ., ਐਸ.ਐਸ.ਪੀ. ਨੇ ਸ਼ਹੀਦ ਭਗਤ ਸਿੰਘ ਨਗਰ 'ਚ ਨਗਰ ਕੌਂਸਲਾਂ ਦੀ ਪੋਲਿੰਗ ਪ੍ਰਕਿਰਿਆ ਦਾ ਲਿਆ ਜਾਇਜ਼ਾ
ਅਜੀਤ ਡੈਸਕ
27-05-2026