ਬੰਗਾ/ਮੱਲਪੁਰ ਅੜਕਾਂ, 29 ਮਈ (ਕਰਮ ਲਧਾਣਾ, ਮਨਜੀਤ ਜੱਬੋਵਾਲ)-ਵਿਲੇਜ਼ ਯੂਥ ਕਲੱਬ ਕਾਹਮਾ ਵਲੋਂ ਲੜਕੇ ਤੇ ਲੜਕੀਆਂ ਲਈ ਫੁੱਟਬਾਲ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ | ਜਿਸ ਵਿਚ 28 ਲੜਕੀਆਂ ਤੇ 34 ਲੜਕਿਆਂ ਦਾ ਖੇਡ ਅਭਿਆਸ ਦਾ ਉਦਘਾਟਨ ਕੀਤਾ | ਇਹ ਜਾਣਕਾਰੀ ਇਕ ਪ੍ਰੈੱਸ ਰੂਬਰੂ ਵਿਚ ਕਲੱਬ ਤੇ ਅਕੈਡਮੀ ਦੇ ਮੁੱਖ ਪ੍ਰਬੰਧਕ ਸ. ਸਤਨਾਮ ਸਿੰਘ ਕਾਹਮਾ ਨੇ ਦਿੱਤੀ | ਉਨ੍ਹਾਂ ਅੱਗੇ ਕਿਹਾ ਕਿ ਖਿਡਾਰੀਆਂ ਦੀ ਖੇਡ ਸਿਖਲਾਈ ਦਾ ਇਹ ਸ਼ੈਸ਼ਨ ਆਉਣ ਵਾਲੇ ਸਮੇਂ ਵਿਚ ਆਰੰਭ ਹੋਣ ਵਾਲੇ 61ਵੇਂ ਸ਼ਹੀਦੀ ਫੁੱਟਬਾਲ ਟੂਰਨਾਮੈਂਟ ਵਿਚ ਸਫ਼ਲਤਾ ਪੂਰਵਕ ਭਾਗ ਲੈਣ ਲਈ ਸ਼ੁਰੂ ਕੀਤਾ | ਸ. ਸਤਨਾਮ ਸਿੰਘ ਕਾਹਮਾ ਨੇ ਅੱਗੇ ਦੱਸਿਆ ਕਿ ਵਿਲੇਜ਼ ਯੂਥ ਕਲੱਬ ਦੇ ਸਰਪ੍ਰਸਤ ਹਰਦੇਵ ਸਿੰਘ ਕਾਹਮਾ ਦੇ ਵਿਸ਼ੇਸ਼ ਯਤਨਾਂ ਸਦਕਾ ਇਹ ਖੇਡ ਕਲੱਬ ਖੇਡ ਜਗਤ ਵਿਚ ਚੋਟੀ 'ਤੇ ਪਹੁੰਚਿਆ ਮਹਿਸੂਸ ਕੀਤਾ ਜਾਂਦਾ ਹੈ | ਸਤਨਾਮ ਸਿੰਘ ਕਾਹਮਾ ਨੇ ਖੇਡ ਅਕੈਡਮੀ 'ਚ ਲੜਕੀਆਂ ਦੀ ਸ਼ਮੂਲੀਅਤ ਪਿੱਛੇ ਕੰਮ ਕਰਦਾ ਇਕ ਸੱਚ ਬਿਆਨ ਕੀਤਾ ਕਿ ਸਾਡੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਹੁਣ ਤੱਕ ਤਕਰੀਬਨ ਸਾਰੇ ਸਰਕਾਰੀ ਅਹੁਦਿਆਂ 'ਤੇ ਪ੍ਰਸਿੱਧ ਇਸਤਰੀ ਅਫਸਰਾਂ ਨੇ ਕੰਮ ਕਰਕੇ ਇਸਤਰੀ ਵਰਗ ਦੀ ਸ਼ਾਨ ਵਧਾਈ ਹੈ | ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਡੀ ਅਕੈਡਮੀ 'ਚ ਖੇਡਣ ਵਾਲੀਆਂ ਲੜਕੀਆਂ ਵੀ ਇਨ੍ਹਾਂ ਅਹੁਦਿਆਂ 'ਤੇ ਤਾਇਨਾਤ ਹੋ ਕੇ ਕਲੱਬ ਦਾ, ਪਿੰਡ ਦਾ, ਇਲਾਕੇ ਦਾ ਨਾਂਅ ਰੌਸ਼ਨ ਕਰਨ | ਇਸ ਲਈ ਸਾਡਾ ਕਲੱਬ ਇਨ੍ਹਾਂ ਖਿਡਾਰੀ ਬੱਚੀਆਂ ਦੀ ਹਰ ਲੋੜ ਪੂਰੀ ਕਰਨ ਲਈ ਵਚਨਬੱਧ ਹੈ | ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਗਾਮਾ, ਸਰਪੰਚ ਅਮਰੀਕ ਸਿੰਘ, ਮਨਜੀਤ ਸਿੰਘ, ਜਰਨੈਲ ਸਿੰਘ ਸਾਬਕਾ ਪੰਚ, ਗੁਦਾਵਰ ਸਿੰਘ ਠੇਕੇਦਾਰ, ਰਾਮ ਪ੍ਰਕਾਸ਼ ਠੇਕੇਦਾਰ, ਪਰਮਜੀਤ, ਬਲਵੀਰ ਸਿੰਘ, ਕਸ਼ਮੀਰ ਸਿੰਘ, ਜਸਵਿੰਦਰ ਸਿੰਘ ਲੱਭਾ, ਸਾਬਕਾ ਸਰਪੰਚ, ਨੰਬਰਦਾਰ ਅਤੇ ਹੋਰ ਮੈਂਬਰ ਹਾਜ਼ਰ ਸਨ |