ਨਵਾਂਸ਼ਹਿਰ, 5 ਜੂਨ (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੀਟਿੰਗ ਕਰਕੇ ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ (ਐਸ. ਆਈ. ਆਰ.) ਸੰਬੰਧੀ ਸੋਧੀ ਹੋਈ ਸਮਾਂ ਸਾਰਣੀ ਸਾਂਝੀ ਕੀਤੀ ਗਈ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ-2026 ਜੋ ਮਿਤੀ 25 ਜੂਨ 2026 ਤੋਂ 24 ਜੁਲਾਈ 2026 ਤੱਕ ਚੱਲੇਗੀ, ਜਿਸ ਵਿਚ ਬੀ. ਐਲ. ਓਜ਼ ਘਰੋਂ-ਘਰੀ ਜਾ ਕੇ ਵੋਟਰ ਦੇ ਫਾਰਮ ਭਰਵਾਉਣਗੇ | ਉਨ੍ਹਾਂ ਦੱਸਿਆ ਜ਼ਿਲ੍ਹੇ ਵਿਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕੇ 046-ਬੰਗਾ, 047-ਨਵਾਂਸ਼ਹਿਰ ਤੇ 048-ਬਲਾਚੌਰ ਵਿਚ ਵੋਟਿੰਗ ਮੈਪਿੰਗ ਦਾ ਕੰਮ ਪ੍ਰੀ-ਐਸ.ਆਈ.ਆਰ. ਦੌਰਾਨ ਤਕਰੀਬਨ 88.76 ਫੀਸਦੀ ਹੋ ਚੁੱਕਾ ਹੈ | ਮੈਪਿੰਗ ਦਾ ਕੰਮ ਮੁਕੰਮਲ ਕਰਨ ਲਈ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਪ੍ਰਾਪਤ ਹਦਾਇਤ ਅਨੁਸਾਰ ਜ਼ਿਲ੍ਹੇ ਅੰਦਰ ਸਪੈਸ਼ਲ ਕੈਂਪ 7 ਜੂਨ 2026 ਨੂੰ ਲਗਾਇਆ ਜਾ ਰਿਹਾ ਹੈ | ਸਪੈਸ਼ਲ ਕੈਂਪ ਦੌਰਾਨ ਬੀ. ਐਲ. ਓਜ਼ ਆਪਣੇ-ਆਪਣੇ ਸੰਬੰਧਤ ਪੋਲਿੰਗ ਸਟੇਸ਼ਨ 'ਤੇ ਸਵੇਰੇ 10 ਵਜੇ ਤੋਂ 04 ਵਜੇ ਬੈਠਣਗੇ ਅਤੇ ਅਨਮੈਪਡ ਇਲੈਕਟਰ ਨੂੰ ਮੈਪਿੰਗ ਕਰਨਗੇ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਹਾਜ਼ਰ ਨੁਮਾਇੰਦਿਆਂ ਨੂੰ ਸਪੈਸ਼ਲ ਇੰਨਟੈਸਿਵ ਰਵੀਜ਼ਨ ਦੇ ਰਿਵਾਇਜ਼ਡ ਸ਼ਡਿਊਲ ਦੀ ਜਾਣਕਾਰੀ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਡਰਾਫਟ ਪਬਲੀਕੇਸ਼ਨ ਮਿਤੀ 31/07/2026 ਨੂੰ ਕੀਤੀ ਜਾਣੀ ਸੀ, ਹੁਣ ਡਰਾਫਟ ਪਬਲੀਕੇਸ਼ਨ ਮਿਤੀ 03/08/2026 ਨੂੰ ਹੋਵੇਗੇ | ਦਾਅਵੇ ਅਤੇ ਇੰਤਰਾਜ ਪ੍ਰਾਪਤ ਕਰਨ ਦਾ ਸਮਾਂ ਹੁਣ ਮਿਤੀ 03/08/2026 ਤੋਂ 02/09/2026 ਹੋਵੇਗਾ | ਇਸੇ ਤਰ੍ਹਾਂ ਦਾਅਵੇ ਅਤੇ ਇਤਰਾਜਾ ਦਾ ਨਿਪਟਾਰਾ ਮਿਤੀ 03/08/2026 ਤੋਂ 28/09/2026 ਤੱਕ ਕੀਤਾ ਜਾਵੇਗਾ ਅਤੇ ਅੰਤਿਮ ਪ੍ਰਕਾਸ਼ਨਾ ਦੀ ਮਿਤੀ 01/10/2026 ਹੀ ਹੈ | ਉਨ੍ਹਾਂ ਦੱਸਿਆ ਕਿ ਸਪੈਸ਼ਲ ਕੈਂਪ ਵਾਲੇ ਦਿਨ ਬੀ. ਐਲ. ਓਜ਼ 7 ਜੂਨ 2026 ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਪੋਲਿੰਗ ਸਟੇਸ਼ਨ 'ਤੇ ਬੈਠਣਗੇ | ਉਨ੍ਹਾਂ ਅਜਿਹੇ ਵੋਟਰਾਂ, ਜਿਨ੍ਹਾਂ ਦੀ ਅਜੇ ਤੱਕ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੋਈ, ਨੂੰ ਸੰਬੰਧਤ ਬੀ. ਐਲ. ਓਜ਼ ਨਾਲ ਤਾਲਮੇਲ ਕਰਕੇ ਆਪਣੀ ਮੈਪਿੰਗ ਕਰਵਾਉਣ ਦੀ ਅਪੀਲ ਵੀ ਕੀਤੀ | ਮੀਟਿੰਗ ਵਿਚ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਤੋਂ ਸਤਨਾਮ ਸਿੰਘ ਜਲਵਾਹਾ ਤੇ ਲੱਕੀ ਲੱਧੜ ਆਮ ਆਦਮੀ ਪਾਰਟੀ ਤੋਂ ਜਰਨੈਲ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਤੋਂ, ਚਰਨਜੀਤ ਸਿੰਘ ਦੌਲਤਪੁਰ ਸੀ. ਪੀ. ਆਈ. (ਐਮ), ਮਨੀਸ਼ ਅਗਨੀਹੋਤਰੀ ਅਤੇ ਗੁਰਜੀਤ ਸਿੰਘ ਭਾਰਤੀ ਜਨਤਾ ਪਾਰਟੀ ਤੋਂ, ਸੁਭਾਸ਼ ਚੰਦਰ ਇੰਡੀਅਨ ਨੈਸ਼ਨਲ ਕਾਂਗਰਸ ਹਾਜ਼ਰ ਸਨ | ਇਸ ਤੋਂ ਇਲਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾ, ਚੋਣ ਕਾਨੂੰਗੋਂ ਅਮਨਦੀਪ ਸਿੰਘ ਹਾਜ਼ਰ ਸਨ |