ਨਵਾਂਸ਼ਹਿਰ, 5 ਜੂਨ (ਦੀਦਾਰ ਸਿੰਘ ਸ਼ੇਤਰਾ)-ਵਿਸ਼ਵ ਵਾਤਾਵਰਨ ਦਿਵਸ ਮੌਕੇ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਪਿ੍ੰਸੀਪਲ ਡਾ. ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡੀ ਦੀ ਅਗਵਾਈ ਵਿਚ ਸਕੂਲ ਦੇ ਸਟਾਫ ਵਲੋਂ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ਡਾ. ਸੁਰਿੰਦਰ ਪਾਲ ਅਗਨੀਹੋਤਰੀ ਨੇ ਕਿਹਾ ਕਿ ਸਾਫ ਤੇ ਸ਼ੁੱਧ ਆਕਸੀਜਨ ਲਈ ਹਰ ਇਕ ਵਿਅਕਤੀ ਨੂੰ ਬੂਟੇ ਲਾਉਣੇ ਚਾਹੀਦੇ ਹਨ | ਆਪਣੇ ਸੁਨੇਹੇ ਵਿਚ ਪਿ੍ੰਸੀਪਲ ਨੇ ਬੱਚਿਆਂ ਨੂੰ ਆਨਲਾਈਨ ਸਮਰ ਕੈਂਪ ਲਾਉਣ ਦੇ ਨਾਲ-ਨਾਲ ਹਰ ਇਕ ਬੱਚੇ ਨੂੰ ਬੂਟੇ ਲਾਉਣ ਲਈ ਵੀ ਪ੍ਰੇਰਿਤ ਕੀਤਾ | ਮੈਡਮ ਗੁਨੀਤ ਨੇ ਦਿਨੋਂ ਦਿਨ ਵੱਧ ਰਹੀ ਤਪਸ਼ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਰੁੱਖ ਲਾਉਣ ਨਾਲ ਪਿੱਘਲ ਰਹੇ ਗਲੇਸ਼ੀਅਰਾਂ ਨੂੰ ਠੱਲ੍ਹ ਪਵੇਗੀ ਤੇ ਇਨਸਾਨ ਨੂੰ ਸਾਹ ਲੈਣ 'ਚ ਸੌਖ ਮਹਿਸੂਸ ਹੋਵੇਗੀ | 1972 ਤੋਂ ਨਿਰੰਤਰ ਅੱਜ ਦੇ ਦਿਨ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹੋਇਆਂ ਵਾਤਾਵਰਣ ਦੇ ਮੁੱਦਿਆਂ ਤੋਂ ਲੈ ਕੇ ਸਮੁੰਦਰੀ ਪ੍ਰਦੂਸ਼ਣ, ਮਨੁੱਖੀ ਅਤਿ-ਆਬਾਦੀ ਤੇ ਗਲੋਬਲ ਵਾਰਮਿੰਗ, ਟਿਕਾਊ ਖਪਤ ਅਤੇ ਜੰਗਲੀ-ਜੀਵਨ ਜੁਰਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਹ ਮੁਹਿੰਮ ਜਾਰੀ ਹੈ | ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 143 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਨਾਲ ਮਨਾਇਆ ਜਾਂਦਾ ਹੈ | ਇਸ ਮੌਕੇ ਮੈਡਮ ਰੇਖਾ ਜਨੇਜਾ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਕਿਰਨਦੀਪ, ਹਰਿੰਦਰ ਸਿੰਘ ਤੋਂ ਇਲਾਵਾ ਹਾਜ਼ਰ ਸਟਾਫ ਮੈਂਬਰਾਂ, ਜਿਨ੍ਹਾਂ 'ਚ ਕੈਂਪਸ ਮੈਨੇਜਰ ਸਤਨਾਮ ਸਿੰਘ, ਸੁਰੱਖਿਆ ਗਾਰਡ ਬਲਜਿੰਦਰ ਸਿੰਘ ਤੇ ਅਨਿਲ ਕੁਮਾਰ ਨੇ ਆਪਣਾ-ਆਪਣਾ ਬੂਟਾ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦਿੱਤਾ |