ਕਾਠਗੜ੍ਹ, 5 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਵਿਖੇ ਖੱਡ ਦੇ ਸੁਰੱਖਿਆ ਬੰਨ੍ਹ ਨੂੰ ਤੋੜ ਕੇ ਸਰਕਾਰੀ ਸੰਪਤੀ ਨੂੰ ਤਹਿਸ-ਨਹਿਸ ਕਰਨ ਦਾ ਇਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸੂਰਾਪੁਰ ਦੇ ਰਹਿਣ ਵਾਲੇ ਰਾਜ ਕੁਮਾਰ ਪੁੱਤਰ ਗੁਰਮੇਲ ਚੰਦ ਵਲੋਂ ਆਪਣੀ ਨਿੱਜੀ ਜ਼ਮੀਨ ਪੱਧਰੀ ਕਰਨ ਤੇ ਉਸ ਦਾ ਦਾਇਰਾ ਵਧਾਉਣ ਦੇ ਲਾਲਚ ਵਿਚ ਤਿੰਨ ਪੁਸ਼ਤਾਂ ਯਾਨੀ ਕਰੀਬ 50 ਤੋਂ 60 ਸਾਲ ਪੁਰਾਣੇ ਸਰਕਾਰੀ ਬੰਨ੍ਹ ਨੂੰ ਵਾਹ ਕੇ ਪੱਧਰਾ ਕਰ ਦਿੱਤਾ ਗਿਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਡਰੇਨੇਜ਼ ਵਿਭਾਗ ਵਲੋਂ ਲੱਖਾਂ ਰੁਪਏ ਦਾ ਵੱਡਾ ਪ੍ਰਾਜੈਕਟ ਲਗਾ ਕੇ ਪਿੰਡ ਕਾਠਗੜ੍ਹ ਦੀ ਸੁਰੱਖਿਆ ਲਈ ਇਥੇ ਪੱਥਰ ਦੀਆਂ ਪੱਕੀਆਂ ਠੋਕਰਾਂ ਲਗਾਈਆਂ ਗਈਆਂ ਸਨ, ਪਰ ਉਕਤ ਵਿਅਕਤੀ ਵਲੋਂ ਉਨ੍ਹਾਂ ਸਰਕਾਰੀ ਪੱਥਰਾਂ ਨੂੰ ਵੀ ਮਿੱਟੀ ਹੇਠਾਂ ਦੱਬ ਕੇ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋਏ ਅਤੇ ਉਨ੍ਹਾਂ ਵਲੋਂ ਇਸ ਧੱਕੇਸ਼ਾਹੀ ਖ਼ਿਲਾਫ਼ ਰੋਸ ਜਾਹਰ ਕੀਤਾ | ਇਸ ਮਾਮਲੇ ਨੂੰ ਲੈ ਕੇ ਕਾਠਗੜ੍ਹ ਦੀ ਸਰਪੰਚ ਰਿਸ਼ੂ ਬਾਲਾ ਤੇ ਪੰਚਾਇਤ ਮੈਂਬਰਾਂ ਸਮੇਤ ਇਲਾਕੇ ਦੇ ਮੋਹਤਬਰਾਂ ਵਲੋਂ ਮੌਕੇ 'ਤੇ ਪਹੁੰਚ ਕੇ ਕੀਤੀ ਗਈ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ | ਸਰਪੰਚ ਰਿਸ਼ੂ ਬਾਲਾ ਤੇ ਹੋਰਨਾਂ ਪੰਚਾਇਤ ਮੈਂਬਰਾਂ ਨੇ ਆਖਿਆ ਕਿ ਇਹ ਬੰਨ੍ਹ ਕਾਠਗੜ੍ਹ ਪਿੰਡ ਤੇ ਆਲੇ-ਦੁਆਲੇ ਦੇ ਪਿੰਡਾਂ ਲਈ ਇਕ ਲਾਈਫਲਾਈਨ ਹੈ | ਬਰਸਾਤ ਦੇ ਦਿਨਾਂ ਵਿੱਚ ਜਦੋਂ ਜੰਗਲ ਦਾ ਤੇਜ਼ ਪਾਣੀ ਆਉਂਦਾ ਹੈ, ਤਾਂ ਇਹ ਬੰਨ੍ਹ ਹੀ ਪਿੰਡਾਂ ਦੀ ਰਾਖੀ ਕਰਦਾ ਹੈ | ਜੇਕਰ ਇਹ ਬੰਨ੍ਹ ਦੁਬਾਰਾ ਬਹਾਲ ਨਾ ਕੀਤਾ ਗਿਆ, ਤਾਂ ਬਰਸਾਤੀ ਪਾਣੀ ਸਿੱਧਾ ਕਾਠਗੜ੍ਹ ਦੀਆਂ ਗਲੀਆਂ ਤੇ ਘਰਾਂ ਵਿਚ ਵੜ ਜਾਵੇਗਾ | ਪੰਚਾਇਤਾਂ ਵਲੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ (ਡੀ. ਸੀ.) ਤੇ ਡਰੇਨੇਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਵਿੱਕੀ ਚੌਧਰੀ ਕਾਠਗੜ੍ਹ ਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ ਪੈਨੀ ਪਹਿਲਵਾਨ ਕਾਠਗੜ੍ਹ ਨੇ ਸਖ਼ਤ ਲਹਿਜੇ ਵਿਚ ਆਖਿਆ ਕਿ ਸਰਕਾਰੀ ਬੰਨ੍ਹ ਨੂੰ ਢਾਹੁਣ ਦਾ ਕਿਸੇ ਵੀ ਨਿੱਜੀ ਮਾਲਕ ਨੂੰ ਕੋਈ ਹੱਕ ਨਹੀਂ ਹੈ, ਭਾਵੇਂ ਜ਼ਮੀਨ ਕਿਸੇ ਦੇ ਅੰਦਰ ਆਉਂਦੀ ਹੋਵੇ ਜਾਂ ਬਾਹਰ | ਮੌਕੇ 'ਤੇ ਸਰਪੰਚ ਰਿਸ਼ੂ ਬਾਲਾ, ਸੇਵਾਦਾਰ ਕਾਲੇ ਸ਼ਾਹ, ਜਸਵਿੰਦਰ ਕੁਮਾਰ ਵਿੱਕੀ, ਦੀਪੂ ਕਾਠਗੜ੍ਹ ਖੁਰਦ, ਸੇਵਕ, ਦੀਪੂ, ਪੱਪੂ, ਦਿਆਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਪਿੰਡ ਵਾਸੀ ਹਾਜ਼ਰ ਸਨ | ਇਸ ਸੰਬੰਧੀ ਰਾਜ ਕੁਮਾਰ ਸੂਰਾਪੁਰ ਨੇ ਕਿਹਾ ਕਿ ਇਹ ਜ਼ਮੀਨ ਵਿਚ ਬੰਨ੍ਹ ਆਉਂਦਾ ਸੀ ਇਸ ਕਰਕੇ ਮੈਂ ਪੱਧਰਾਂ ਕਰ ਦਿੱਤਾ ਹੈ | ਦੂਜੇ ਪਾਸੇ ਜਦੋਂ ਇਸ ਗੰਭੀਰ ਮਾਮਲੇ ਸੰਬੰਧੀ ਡਰੇਨੇਜ਼ ਤੇ ਟ੍ਰੇਨਿੰਗ ਵਿਭਾਗ ਦੇ ਐਸ. ਡੀ. ਓ. ਹਰਕੰਵਲ ਸਿੰਘ ਹੀਰਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਤੇ ਗੰਭੀਰ ਮਾਮਲਾ ਹੈ | ਵਿਭਾਗ ਵਲੋਂ ਜਲਦੀ ਹੀ ਇਸ ਸੰਬੰਧੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਪ੍ਰਸ਼ਾਸਨ ਵਲੋਂ ਐਸ. ਡੀ. ਐਮ. ਨੂੰ ਮਾਮਲੇ ਦੀ ਜਾਂਚ ਸੌਂਪ ਕੇ ਮੁਲਜ਼ਮ ਖ਼ਿਲਾਫ਼ ਤੁਰੰਤ ਕਾਨੂੰਨੀ ਪਰਚਾ (ਐਫ. ਆਈ. ਆਰ.) ਦਰਜ ਕਰਵਾਉਣ ਅਤੇ ਬੰਨ੍ਹ ਨੂੰ ਦੁਬਾਰਾ ਪਹਿਲਾਂ ਵਾਲੀ ਸਥਿਤੀ ਵਿਚ ਬਹਾਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਇਸ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਪੜਤਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ |