ਬੰਗਾ, 6 ਜੂਨ (ਧਰਮਵੀਰ ਪਾਲ)-ਪੰਜਾਬ ਤੇ ਕੇਂਦਰ ਸਰਕਾਰ ਵਲੋਂ ਆਮ ਲੋਕਾਂ, ਖ਼ਾਸ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਈਆਂ ਜਾ ਰਹੀਆਂ ਮੁਫ਼ਤ ਇਲਾਜ ਯੋਜਨਾਵਾਂ ਤਹਿਤ ਕਰਨ ਹਸਪਤਾਲ ਐਂਡ ਮੈਟਰਨਿਟੀ ਹੋਮ ਬੰਗਾ ਵਿਚ ਮਿਲਣ ਵਾਲੀਆਂ ਸਹੂਲਤਾਂ ਵਿਚ ਹੋਰ ਵਾਧਾ ਕੀਤਾ ਗਿਆ ਹੈ | ਇਸ ਸੰਬੰਧੀ ਕਰਨ ਹਸਪਤਾਲ ਦੇ ਸੀਨੀਅਰ ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਹਸਪਤਾਲ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕਈ ਹੋਰ ਮਹੱਤਵਪੂਰਨ ਇਲਾਜਾਂ ਅਤੇ ਆਪ੍ਰੇਸ਼ਨਾਂ ਲਈ ਐਮਪੈਨਲ ਕੀਤਾ ਗਿਆ ਹੈ | ਇਸ ਤਹਿਤ ਹੁਣ ਯੋਗ ਲਾਭਪਾਤਰੀਆਂ ਨੂੰ ਗੁਰਦੇ ਦੀ ਪੱਥਰੀ, ਗੁਰਦੇ ਨਾਲ ਸੰਬੰਧਿਤ ਬਿਮਾਰੀਆਂ, ਪਿੱਤੇ ਦੀ ਪੱਥਰੀ, ਹਾਈਡ੍ਰੋਸੀਲ ਅਬਸੇਸ ਡਰੇਨੇਜ ਪ੍ਰਕਿਰਿਆਵਾਂ ਤੇ ਅਪੈਂਡਿਕਸ ਦੇ ਆਪਰੇਸ਼ਨ ਵਰਗੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ | ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ ਵਿਚ ਯੂਰੋਲੌਜੀ ਵਿਭਾਗ ਅਧੀਨ ਗੁਰਦੇ ਅਤੇ ਪਿਸ਼ਾਬ ਪ੍ਰਣਾਲੀ ਨਾਲ ਸੰਬੰਧਤ ਕਈ ਬਿਮਾਰੀਆਂ ਦਾ ਮੁਫ਼ਤ ਇਲਾਜ ਆਯੁਸ਼ਮਾਨ ਯੋਜਨਾ ਤਹਿਤ ਕੀਤਾ ਜਾ ਰਿਹਾ ਸੀ | ਹੁਣ ਸਰਕਾਰ ਵਲੋਂ ਹੋਰ ਬਿਮਾਰੀਆਂ ਤੇ ਸਰਜਰੀਆਂ ਨੂੰ ਸ਼ਾਮਿਲ ਕਰਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਗਈਆਂ ਇਹ ਲੋਕ-ਹਿਤੈਸ਼ੀ ਸਿਹਤ ਯੋਜਨਾਵਾਂ ਗਰੀਬ ਤੇ ਲੋੜਵੰਦ ਪਰਿਵਾਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ | ਇਨ੍ਹਾਂ ਯੋਜਨਾਵਾਂ ਰਾਹੀਂ ਹਜ਼ਾਰਾਂ ਮਰੀਜ਼ ਬਿਨਾਂ ਕਿਸੇ ਆਰਥਿਕ ਬੋਝ ਦੇ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ | ਇਸ ਮੌਕੇ ਪਰਮਜੀਤ ਮਹਿਰਮਪੁਰੀ, ਰਮੇਸ਼ ਕੁਮਾਰ ਅਟਾਰੀ, ਸੋਢੀ ਰਾਮ ਆਦਿ ਹਾਜ਼ਰ ਸਨ |