ਮੁਕੰਦਪੁਰ, 7 ਜੂਨ (ਅਮਰੀਕ ਸਿੰਘ ਢੀਂਡਸਾ)-ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਤੇ ਮੈਪਲ ਬਿਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸਮਰ ਕੈਂਪ ਦਾ ਸਮਾਪਤੀ ਸਮਾਗਮ ਮਨਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲਾਂ ਦੀ ਪਿਰਤ ਜਾਰੀ ਰੱਖਦਿਆਂ ਵਿਦਿਆਰਥੀਆਂ ਦੀ ਅਕਾਦਮਿਕ ਤੇ ਸਹਿ ਅਕਾਦਮਿਕ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਮਕਸਦ ਤਹਿਤ ਪੰਜ ਰੋਜਾ ਸਮਰ ਕੈਂਪ ਲਗਾਇਆ ਗਿਆ ਸੀ | ਇਸ ਸਮੇਂ ਦੌਰਾਨ ਯੋਗਾ, ਆਰਟ ਤੇ ਕਰਾਫਟ, ਫਨ ਵਿੱਦ ਸਾਇੰਸ ਤੇ ਫਨ ਵਿੱਦ ਮੈਥ, ਕੰਪਿਊਟਰ ਕੋਡਿੰਗ, ਰੋਬੋਟਿਕਸ, ਕੁਕਿੰਗ, ਡਾਂਸ, ਮਿਊਜ਼ਿਕ, ਭੰਗੜਾ ਕੋਚਿੰਗ, ਕਿਨਾਇਟਿੰਗ, ਪਬਲਿਕ ਸਪੀਕਿੰਗ ਆਦਿ ਵਿਭਿੰਨ ਗਤੀਵਿਧੀਆਂ ਦਾ ਗਠਨ ਕੀਤਾ ਗਿਆ ਸੀ | ਸਮਾਪਤੀ ਸਮਾਗਮ ਦਾ ਆਰੰਭ ਸਕੂਲ ਸ਼ਬਦ ਰਾਹੀਂ ਕੀਤਾ | ਇਸ ਤੋਂ ਉਪਰੰਤ ਸ਼ਬਦ ਗਾਇਨ, ਯੋਗਾ ਪ੍ਰਫਾਰਮੈਂਸ, ਗੀਤ-ਗਾਇਨ 'ਹੀਰ ਦੀ ਕਲੀ', 'ਮਾਵਾਂ ਜਿਊਣ ਸਦਾ', ਨੈਤਿਕ ਕਦਰਾਂ ਕੀਮਤਾਂ 'ਤੇ ਭਾਸ਼ਣ ਤੇ ਡੀਬੇਟ, ਡਾਂਸ, ਜੂਨੀਅਰ ਤੇ ਸੀਨੀਅਰ ਵਿੰਗ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ | ਇਸ ਸਮੇਂ ਵਿਦਿਆਰਥੀਆਂ ਵਲੋਂ ਸਾਇੰਸ, ਮੈਥ, ਕੁਕਿੰਗ, ਕਿਨਾਇਟਿੰਗ, ਆਰਟ ਐਂਡ ਕਰਾਫਟ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ | ਸਕੂਲ ਵਾਈਸ ਚੇਅਰਮੈਨ ਡਾ. ਅਮਰਜੀਤ ਸਿੰਘ ਨੇ ਵਿਦਿਆਰਥੀਆਂ ਦੀ ਸਮਰ ਕੈਂਪ ਵਿਚ ਭਾਗੀਦਾਰੀ ਦੀ ਪ੍ਰਸੰਸਾ ਕੀਤੀ ਤੇ ਇਸ ਤਰ੍ਹਾਂ ਰਚਨਾਤਮਕ ਤੇ ਕਲਾਤਮਕ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |