ਕਾਠਗੜ੍ਹ, 7 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਥਾਣਾ ਕਾਠਗੜ੍ਹ ਦੇ ਐਸ. ਐਚ. ਓ. ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਨਾਲ ਉਸ ਦੇ ਲੜਕੇ ਨੂੰ ਅਮਰੀਕਾ ਭੇਜਣ ਦੇ ਨਾਂਅ 'ਤੇ 22 ਲੱਖ ਰੁਪਏ ਦੀ ਵੱਡੀ ਠੱਗੀ ਮਾਰੀ ਗਈ | ਪੁਲਿਸ ਦੇ ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪੀੜਤ ਕਮਲਦੇਵ ਪੁੱਤਰ ਮੇਹਰ ਚੰਦ ਵਾਸੀ ਭੱਠਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜੋ ਕਿ ਪੰਜਾਬ ਪੁਲਿਸ ਵਿਚ ਮੁਲਾਜ਼ਮ ਹੈ ਤੇ ਚੰਡੀਗੜ੍ਹ ਵਿਖੇ ਡਿਊਟੀ 'ਤੇ ਤਾਇਨਾਤ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮਈ-ਜੂਨ 2024 ਦੌਰਾਨ ਉਸ ਨੇ ਇਕ ਗੱਡੀ ਤੋਂ ਲਿਫ਼ਟ ਲਈ ਸੀ | ਗੱਡੀ ਚਲਾ ਰਹੇ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖਟਕੜ ਕਲਾਂ ਵਜੋਂ ਹੋਈ | ਗੁਰਦੇਵ ਸਿੰਘ ਨੇ ਗੱਲਾਂ-ਗੱਲਾਂ 'ਚ ਕਮਲਦੇਵ ਨੂੰ ਆਪਣੇ ਇਕ ਸਾਥੀ ਸੁਖਦੇਵ ਸਿੰਘ ਪੁੱਤਰ ਹਰੀ ਸਿੰਘ ਵਾਸੀ ਨਿਊ ਜਵਾਹਰ ਨਗਰ ਆਦਮਪੁਰ ਜਲੰਧਰ ਬਾਰੇ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ | ਗੁਰਦੇਵ ਸਿੰਘ ਨੇ ਸੁਖਦੇਵ ਸਿੰਘ ਨਾਲ ਕਮਲਦੇਵ ਦੀ ਗੱਲਬਾਤ ਕਰਵਾਈ | ਸੁਖਦੇਵ ਸਿੰਘ ਨੇ ਕਮਲਦੇਵ ਦੇ ਲੜਕੇ ਜਸਪ੍ਰੀਤ ਮਹਾਨ ਨੂੰ 27 ਲੱਖ ਰੁਪਏ ਵਿਚ ਅਮਰੀਕਾ ਭੇਜਣ ਦਾ ਸੌਦਾ ਤੈਅ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਪਹਿਲਾਂ ਲੜਕੇ ਨੂੰ ਓਮਾਨ (ਮਸਕਟ) ਭੇਜੇਗਾ, ਜਿਥੇ ਉਸ ਦਾ ਵਰਕ ਪਰਮਿਟ ਲਗਵਾ ਕੇ ਅੱਗੇ ਅਮਰੀਕਾ ਰਵਾਨਾ ਕੀਤਾ ਜਾਵੇਗਾ | ਸੁਖਦੇਵ ਸਿੰਘ ਦੇ ਕਹਿਣ 'ਤੇ ਕਮਲਦੇਵ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਨੌਕਰੀ ਕਰਦੇ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸੈਕਟਰ 22 ਨਾਲ ਮੁਲਾਕਾਤ ਕੀਤੀ, ਜਿਸ ਨੇ ਲੜਕੇ ਦੇ ਦਸਤਾਵੇਜ਼ ਤੇ ਪਾਸਪੋਰਟ ਲਏ | ਇਸ ਤੋਂ ਬਾਅਦ ਯੋਜਨਾਬੱਧ ਤਰੀਕੇ ਨਾਲ ਕਮਲਦੇਵ ਕੋਲੋਂ 22 ਲੱਖ ਰੁਪਏ ਦੀ ਰਕਮ ਏਜੰਟਾਂ ਨੇ ਵੱਖ-ਵੱਖ ਤਰੀਕਿਆਂ ਨਾਲ ਹਾਸਿਲ ਕਰ ਲਈ | ਸ਼ਿਕਾਇਤਕਰਤਾ ਦਾ ਲੜਕਾ 1 ਦਸੰਬਰ 2024 ਨੂੰ ਸਤਨਾਮ ਸਿੰਘ ਨਾਲ ਓਮਾਨ ਪਹੁੰਚਿਆ ਉਥੇ ਸੁਖਦੇਵ ਸਿੰਘ ਨੇ ਉਸ ਨੂੰ ਵਰਕ ਪਰਮਿਟ ਦਿਵਾਉਣ ਦੇ ਨਾਂਅ 'ਤੇ ਦੁਬਈ (ਕੰਟਰੀ ਆਊਟ) ਵੀ ਭੇਜਿਆ | ਲੜਕਾ ਕਰੀਬ 9 ਮਹੀਨੇ ਓਮਾਨ ਵਿਚ ਰਿਹਾ, ਪਰ ਮੁਲਜ਼ਮਾਂ ਨੇ ਉਸ ਨੂੰ ਅੱਗੇ ਅਮਰੀਕਾ ਨਹੀਂ ਭੇਜਿਆ | ਜਦੋਂ ਪੀੜਤ ਪਰਿਵਾਰ ਨੂੰ ਪਤਾ ਲੱਗਿਆ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ, ਤਾਂ ਲੜਕਾ ਜੁਲਾਈ 2025 ਵਿਚ ਵਾਪਸ ਭਾਰਤ ਪਰਤ ਆਇਆ | ਜਦੋਂ ਕਮਲਦੇਵ ਨੇ ਮੁਲਜ਼ਮਾਂ ਕੋਲੋਂ ਆਪਣੇ 22 ਲੱਖ ਰੁਪਏ ਵਾਪਸ ਮੰਗੇ, ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗੇ | ਵਾਰ-ਵਾਰ ਕਹਿਣ 'ਤੇ ਸੁਖਦੇਵ ਸਿੰਘ ਨੇ ਕੁੱਲ ਰਕਮ 'ਚੋਂ ਸਿਰਫ਼ 2,06,000 ਰੁਪਏ ਹੀ ਵਾਪਸ ਕੀਤੇ ਤੇ ਬਾਕੀ ਦੇ 19,94,000 ਰੁਪਏ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ | ਪੀੜਤ ਵਲੋਂ ਦਿੱਤੀ ਸ਼ਿਕਾਇਤ ਦੀ ਮੁੱਢਲੀ ਜਾਂਚ ਉਪ-ਕਪਤਾਨ ਪੁਲਿਸ ਡੀ. ਐੱਸ. ਪੀ. ਐਨ.ਡੀ.ਪੀ.ਐੱਸ-ਕਮ-ਨਾਰਕੋਟਿਕਸ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੀਤੀ ਜਾਂਚ ਵਿਚ ਗੁਰਦੇਵ ਸਿੰਘ, ਸੁਖਦੇਵ ਸਿੰਘ ਤੇ ਸਤਨਾਮ ਸਿੰਘ ਦੀ ਆਪਸੀ ਮਿਲੀਭੁਗਤ ਅਤੇ ਠੱਗੀ ਦੀ ਪੁਸ਼ਟੀ ਹੋਣ ਤੋਂ ਬਾਅਦ, ਸੀਨੀਅਰ ਕਪਤਾਨ ਪੁਲਿਸ ਦੇ ਹੁਕਮਾਂ 'ਤੇ ਥਾਣਾ ਕਾਠਗੜ੍ਹ ਵਿਖੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |