ਨਵਾਂਸ਼ਹਿਰ, 7 ਜੂਨ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਰਾਜ ਪਾਵਰਕਾਮ ਲਿਮਟਿਡ ਬਲਾਚੌਰ-1 ਵਲੋਂ ਲਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕੰਗਣਾ ਬੇਟ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਘਰ ਦੀ ਬਿਜਲੀ ਸਪਲਾਈ ਦੇ ਮੀਟਰ ਦਾ 22/10/2024 ਨੂੰ ਭੇਜਿਆ ਗਿਆ (21/08/2024 ਨੂੰ ਮੀਟਰ ਦੀ ਪੜ੍ਹਤ 3253 ਯੂਨਿਟ ਤੋਂ ਮਿਤੀ 22/10/2024 ਨੂੰ ਮੀਟਰ ਪੜ੍ਹਤ 4432 ਯੂਨਿਟ) 1179 ਯੂਨਿਟਾਂ ਦਾ 4898 ਰੁਪਏ ਦਾ ਬਿੱਲ ਜਿਥੇ ਪਿੱਛੋਂ ਜਾ ਕੇ ਵਿਭਾਗ ਦੇ ਗਲ੍ਹੇ ਦੀ ਹੱਡੀ ਬਣ ਗਿਆ, ਉਥੇ ਖਪਤਕਾਰ ਨੂੰ ਵੀ ਝੰਜੋੜ ਕੇ ਰੱਖ ਗਿਆ | ਖਪਤਕਾਰ ਲਖਵਿੰਦਰ ਸਿੰਘ ਤੇ ਉਸ ਦੇ ਪਿਤਾ ਹਰਭਜਨ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਦੀ ਵੱਧ ਤੋਂ ਵੱਧ 589 ਯੂਨਿਟ (31/10/2021 ਦਾ ਬਿੱਲ) ਤੇ ਘੱਟ ਤੋਂ ਘੱਟ 124 ਯੂਨਿਟ (15/04/2023 ਦਾ ਬਿੱਲ) ਆਉਂਦੀ ਰਹੀ ਹੈ | ਉਨ੍ਹਾਂ ਵਿਭਾਗ ਤੱਕ ਪਹੁੰਚ ਕੀਤੀ | ਖ਼ਪਤਕਾਰ ਤੇ ਵਿਭਾਗ ਨੇ ਪਾਇਆ ਕਿ ਮੀਟਰ ਵਿਚ ਕੋਈ ਤਕਨੀਕੀ ਨੁਕਸ ਹੈ, ਜਿਸ ਕਾਰਨ ਉਹ ਬਿਜਲੀ ਕੱਟੇ ਜਾਣ 'ਤੇ ਵੀ ਚਲ ਰਿਹਾ ਸੀ | ਮਾਮਲਾ ਗੱਲੀਂ ਬਾਤੀਂ ਹੱਲ ਨਾ ਹੋਣ ਕਾਰਨ ਚਿੱਠੀ ਪੱਤਰ ਤੱਕ ਪੁੱਜ ਗਿਆ | ਵਿਭਾਗ ਦੇ ਐਸ. ਡੀ. ਓ. ਬਲਾਚੌਰ-1 ਤੇ ਐਕਸੀਅਨ ਪੀ. ਐਸ. ਪੀ. ਸੀ. ਐਲ. ਗੜ੍ਹਸ਼ੰਕਰ ਤੇ ਚੇਅਰਮੈਨ/ਡਾਇਰੈਕਟਰ ਪੀ. ਐਸ. ਪੀ. ਸੀ. ਐਲ ਪਟਿਆਲਾ ਨਾਲ ਲਗਪਗ ਡੇਢ ਸਾਲ ਤੱਕ ਚਿੱਠੀ ਪੱਤਰ ਅਤੇ ਨਿੱਜੀ ਮਾਰੇ ਗੇੜਿਆਂ ਨਾਲ ਵੀ ਗੱਲ ਨਾ ਬਣੀ ਤਾਂ ਖਪਤਕਾਰ ਨੂੰ ਜ਼ਿਲ੍ਹਾ ਖਪਤਕਾਰ ਫੋਰਮ ਨਵਾਂ ਸ਼ਹਿਰ ਦਾ ਦਰ ਖੜਕਾਉਣਾ ਪਿਆ | ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਨਸਾਫ ਦੀ ਮੰਗ ਕਰ ਰਹੇ ਸਨ ਤਾਂ ਵਿਭਾਗ ਦੇ ਅਧਿਕਾਰੀ ਉਨ੍ਹਾਂ ਨੂੰ ਬਿਨਾਂ ਦੱਸਿਆ ਹੀ (ਜੇ. ਈ. ਅਮਰੀਕ ਸਿੰਘ ਤੇ ਉਸ ਦੇ ਸਾਥੀ ਕਰਮਚਾਰੀ)16-10-2025 ਨੂੰ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਪਹਿਲਾਂ ਘਰ ਦਾ ਬਿਜਲੀ ਸਪਲਾਈ ਦਾ ਕਨੈਕਸ਼ਨ ਹੀ ਕੱਟ ਗਏ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਹੀ ਮੀਟਰ ਤੱਕ ਲਾਹ ਕੇ ਲੈ ਗਏ | ਮਜਬੂਰੀ ਬੱਸ ਉਨ੍ਹਾਂ ਨੂੰ 17-10-2025 ਨੂੰ ਖਪਤਕਾਰ ਫੋਰਮ ਤੋਂ ਸਟੇਅ ਪ੍ਰਾਪਤ ਕਰਨਾ ਪਿਆ | ਮਿਲੇ ਸਟੇਅ ਉਪਰੰਤ ਵਿਭਾਗ ਵਲੋਂ 17-10-2025 ਨੂੰ ਹੀ ਸ਼ਾਮ 6 ਵਜੇ ਦੁਬਾਰਾ ਨਵਾਂ ਚਿੱਪ ਵਾਲਾ ਮੀਟਰ ਲਗਾ ਕੇ ਸਪਲਾਈ ਚਾਲੂ ਕਰ ਦਿੱਤੀ ਗਈ ਸੀ | ਲਗਪਗ ਸੱਤ ਮਹੀਨੇ ਖਪਤਕਾਰ ਫੋਰਮ ਕੋਲ ਚੱਲੇ ਇਸ ਕੇਸ ਦੀ ਸੁਣਵਾਈ ਉਪਰੰਤ ਜ਼ਿਲ੍ਹਾ ਕਨਜਿਊਮਰ ਕੋਰਟ ਦੇ ਜੱਜ ਯਾਦਵਿੰਦਰ ਸਿੰਘ ਬਾਠ ਪ੍ਰੈਜੀਡੈਂਟ ਮੈਂਬਰ ਤੇ ਮੈਂਬਰ ਅਦਾਲਤ ਰੇਨੂ ਗਾਂਧੀ ਵਲੋਂ ਦਿੱਤੇ ਗਏ ਫੈਸਲੇ ਅਨੁਸਾਰ ਅਰਜ਼ੀਕਰਤਾ ਦੀ ਮਾਨਸਿਕ ਹਰਾਸਮੈਂਟ ਕਰਨ ਕਰਕੇ, ਵਿਭਾਗ ਦੇ ਅਧਿਕਾਰੀ ਅਮਰੀਕ ਸਿੰਘ ਨੂੰ 7000 ਰੁਪਏ ਦਾ ਹਰਜਾਨਾ ਪਾ ਦਿੱਤਾ ਗਿਆ | ਖਪਤਕਾਰ ਫੋਰਮ ਨੇ ਅਮਰੀਕ ਸਿੰਘ ਜੇ. ਈ. ਦੀ ਤਨਖਾਹ 'ਚੋਂ 5000 ਰੁਪਏ ਤੇ ਉਸ ਦੇ ਨਾਲ ਗਏ ਦੂਜੇ ਦੋ ਸਾਥੀਆਂ ਕੋਲੋਂ ਇਕ-ਇਕ ਹਜ਼ਾਰ ਰੁਪਏ ਅਦਾ ਕਰਨ ਲਈ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ |