03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੱਤਰਕਾਰਾਂ ਦੀ ਆਪਸੀ ਏਕਤਾ ਹੀ ਸਭ ਤੋਂ ਵੱਡੀ ਤਾਕਤ -ਮਨਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 15-07-2026

ਕਿਹਾ, ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹੋਣਾ ਸਮੇਂ ਦੀ ਲੋੜ
ਬੰਗਾ, 14 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ-ਡਿਵੀਜ਼ਨ ਬੰਗਾ ਦੀ ਅਹਿਮ ਮੀਟਿੰਗ ਪ੍ਰਧਾਨ ਮਨਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੱਤਰਕਾਰਾਂ ਦੀ ਏਕਤਾ, ਪ੍ਰੈਸ ਦੀ ਆਜ਼ਾਦੀ, ਪੱਤਰਕਾਰਾਂ ਦੀ ਸੁਰੱਖਿਆ, ਭਲਾਈ ਸਕੀਮਾਂ ਅਤੇ ਯੂਨੀਅਨ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਹੋਇਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹੇ ਦੇ ਚੇਅਰਮੈਨ ਚੇਤ ਰਾਮ ਰਤਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸਬ-ਡਿਵੀਜ਼ਨ ਬੰਗਾ ਇਕਾਈ ਵੱਲੋਂ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਮੈਂਬਰਾਂ ਦੀ ਆਪਸੀ ਏਕਤਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਮਜ਼ਬੂਤ ਅਤੇ ਸੰਗਠਿਤ ਯੂਨੀਅਨ ਹੀ ਪੱਤਰਕਾਰਾਂ ਦੇ ਹੱਕਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ ਕਰ ਸਕਦੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਬ-ਡਿਵੀਜ਼ਨ ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਪੱਤਰਕਾਰਤਾ ਸਿਰਫ਼ ਖ਼ਬਰਾਂ ਇਕੱਠੀਆਂ ਕਰਨ ਜਾਂ ਪ੍ਰਕਾਸ਼ਿਤ ਕਰਨ ਦਾ ਕੰਮ ਨਹੀਂ, ਸਗੋਂ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਪੱਤਰਕਾਰਾਂ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ। ਸਨਸਨੀ ਫੈਲਾਉਣ ਦੀ ਬਜਾਏ ਸੱਚਾਈ, ਨਿਰਪੱਖਤਾ ਅਤੇ ਲੋਕ-ਹਿੱਤ ਨੂੰ ਤਰਜੀਹ ਦੇਣਾ ਹਰ ਪੱਤਰਕਾਰ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਹਰ ਉਸ ਪੱਤਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ, ਜਿਸ ਨੂੰ ਆਪਣੇ ਪੇਸ਼ਾਵਰ ਫ਼ਰਜ਼ ਨਿਭਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਦਬਾਅ ਦਾ ਸਾਹਮਣਾ ਕਰਨਾ ਪਵੇ। ਮੀਟਿੰਗ ਦੌਰਾਨ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮਤੇ ਵੀ ਪਾਸ ਕੀਤੇ ਗਏ। ਇਨ੍ਹਾਂ ਵਿੱਚ ਪੰਜਾਬ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ, ਸਿਹਤ ਅਤੇ ਦੁਰਘਟਨਾ ਬੀਮਾ ਯੋਜਨਾਵਾਂ ਨੂੰ ਮਜ਼ਬੂਤ ਕਰਨ, ਪੱਤਰਕਾਰ ਕਲਿਆਣ ਫੰਡ ਨੂੰ ਪ੍ਰਭਾਵਸ਼ਾਲੀ ਬਣਾਉਣ, ਐਕਰੀਡੇਸ਼ਨ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣ, ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ‘ਤੇ ਮੀਡੀਆ ਸੈਂਟਰਾਂ ਦੀਆਂ ਸਹੂਲਤਾਂ ਵਿੱਚ ਸੁਧਾਰ ਕਰਨ, ਪੱਤਰਕਾਰਾਂ ਲਈ ਨਿਯਮਿਤ ਟ੍ਰੇਨਿੰਗ ਅਤੇ ਫੈਕਟ-ਚੈਕਿੰਗ ਵਰਕਸ਼ਾਪਾਂ ਕਰਵਾਉਣ, ਸਰਕਾਰੀ ਵਿਭਾਗਾਂ ਵੱਲੋਂ ਜਾਣਕਾਰੀ ਸਮੇਂ ਸਿਰ ਉਪਲਬਧ ਕਰਵਾਉਣ, ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਪੱਤਰਕਾਰਾਂ ਲਈ ਕਾਨੂੰਨੀ ਸਹਾਇਤਾ ਉਪਲਬਧ ਕਰਵਾਉਣ ਵਰਗੀਆਂ ਮੰਗਾਂ ਸ਼ਾਮਲ ਸਨ। ਵੱਖ-ਵੱਖ ਬੁਲਾਰਿਆਂ ਸੁਰਿੰਦਰ ਸਿੰਘ ਕਰਮ ਸਰਪ੍ਰਸਤ, ਧਰਮਵੀਰ ਪਾਲ ਜਨਰਲ ਸਕੱਤਰ, ਨਰਿੰਦਰ ਮਾਹੀ ਸੀਨੀਅਰ ਵਾਈਸ ਪ੍ਰਧਾਨ, ਮਨੀਸ਼ ਚੁਘ ਕੈਸ਼ੀਅਰ, ਅਵਤਾਰ ਕਲੇਰ, ਮੀਨਾਕਸ਼ੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੱਤਰਕਾਰਾਂ ਦੀਆਂ ਜਾਇਜ਼ ਮੰਗਾਂ ਮਨਵਾਉਣ ਲਈ ਆਪਸੀ ਏਕਤਾ ਅਤੇ ਸੰਗਠਨ ਦੀ ਮਜ਼ਬੂਤੀ ਸਭ ਤੋਂ ਵੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੱਤਰਕਾਰ ਇਕਜੁੱਟ ਰਹਿਣਗੇ ਤਾਂ ਕਿਸੇ ਵੀ ਜਾਇਜ਼ ਮੰਗ ਨੂੰ ਮਨਵਾਉਣਾ ਮੁਸ਼ਕਲ ਨਹੀਂ ਰਹੇਗਾ। ਇਸ ਮੌਕੇ ਯੂਨੀਅਨ ਵੱਲੋਂ ਵਾਤਾਵਰਨ ਸੰਭਾਲ ਲਈ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਚੇਅਰਮੈਨ ਚੇਤ ਰਾਮ ਰਤਨ ਨੇ ਐਲਾਨ ਕੀਤਾ ਕਿ ਜਦੋਂ ਵੀ ਯੂਨੀਅਨ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਉਹ ਆਪਣੇ ਵੱਲੋਂ 50 ਬੂਟੇ ਭੇਟ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਪੱਤਰਕਾਰ ਭਾਈਚਾਰੇ ਨੂੰ ਵੀ ਇਸ ਸਮਾਜਿਕ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮੀਟਿੰਗ ਦੇ ਅੰਤ ਵਿੱਚ ਸਮੂਹ ਮੈਂਬਰਾਂ ਨੇ ਪੱਤਰਕਾਰ ਭਾਈਚਾਰੇ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ, ਸੱਚੀ, ਨਿਰਪੱਖ ਅਤੇ ਜ਼ਿੰਮੇਵਾਰ ਪੱਤਰਕਾਰਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਦੇ ਲੋਕ-ਹਿੱਤਾਂ ਦੀ ਰੱਖਿਆ ਲਈ ਹਮੇਸ਼ਾ ਅੱਗੇ ਰਹਿਣ ਦਾ ਸੰਕਲਪ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਬਖਲੌਰ, ਕੁਲਦੀਪ ਬੰਗਾ, ਪ੍ਰੇਮ ਜੰਡਿਆਲੀ, ਰਕੇਸ਼ ਆਨੰਦ, ਪ੍ਰੇਮੀ ਸੰਧਵਾਂ, ਗੁਰਜਿੰਦਰ ਸਿੰਘ ਗੁਰੂ, ਰਾਜ ਮਜਾਰੀ, ਰੇਸ਼ਮ ਕਲੇਰ, ਬਿੱਟੂ ਭੱਟੀ, ਚੰਨੀ ਪਠਲਾਵਾ, ਚਰਨਜੀਤ ਸੱਲ੍ਹਣ, ਮਨਪ੍ਰੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ ’ਤੇ ਨਵੇਂ ਪੁਲ ਦੀ ਉਸਾਰੀ ਕਾਰਨ ਪੁਰਾਣਾ ਹੈੱਡ ਪੁਲ ਮੁਕੰਮਲ ਬੰਦ ਅਗਲੀ ਖ਼ਬਰ ਬਲਾਚੌਰ ਵਿਖੇ ਹੱਕੀ ਮੰਗਾਂ ਨੂੰ ਲੈ ਬਿਜਲੀ ਮੁਲਾਜ਼ਮਾਂ ਕੀਤਾ ਰੋਸ ਪ੍ਰਦਰਸ਼ਨ
Ad Position 24
No active advertisement