ਕਾਠਗੜ੍ਹ, 16 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਮਦਨ ਮੀਲੂ ਟੌਂਸਾ ਵੱਲੋਂ ਪਿੰਡ ਟੌਂਸਾ ਵਿਖੇ ਸਾਥੀਆਂ ਸਮੇਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਕਾਂਗਰਸ ਦੇ ਭਵਿੱਖ ਤੇ ਲੀਡਰਸ਼ਿਪ ਨੂੰ ਲੈ ਕੇ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਮਦਨ ਮੀਲੂ ਟੌਂਸਾ ਨੇ ਸਾਫ਼ ਕਿਹਾ ਕਿ ਇਹ ਮੀਟਿੰਗ ਕਿਸੇ ਦੇ ਕਹਿਣ ’ਤੇ ਨਹੀਂ, ਸਗੋਂ ਪੂਰੇ ਪੰਜਾਬ ਦੇ ਲੋਕਾਂ ਤੇ ਆਮ ਕਾਂਗਰਸੀ ਵਰਕਰਾਂ ਦੀ ਭਾਵਨਾਵਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਦੁਬਾਰਾ ਬੁਲੰਦੀਆਂ ’ਤੇ ਲੈ ਕੇ ਜਾਣਾ ਹੈ ਅਤੇ ਵੋਟ ਬੈਂਕ ਨੂੰ ਮਜ਼ਬੂਤ ਕਰਨਾ ਹੈ ਤਾਂ ਹਾਈਕਮਾਂਡ ਨੂੰ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਨੂੰ ਮੂਹਰੇ ਰੱਖਣਾ ਪਵੇਗਾ ਤੇ ਪਾਰਟੀ ਦੀ ਵਾਗਡੋਰ ਉਨ੍ਹਾਂ ਦੇ ਹੱਥਾਂ ਵਿੱਚ ਸੌਂਪਣੀ ਪਵੇਗੀ। ਰੋਪੜ ਤੋਂ ਲੈ ਕੇ ਕਪੂਰਥਲਾ ਤੱਕ ਦੇ ਖੇਤਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪੂਰੇ ਇਲਾਕੇ ਵਿੱਚ ਐੱਸ.ਸੀ. ਭਾਈਚਾਰੇ ਦੀ ਵੱਡੀ ਭੂਮਿਕਾ ਹੈ, ਜਿਸ ਦੀ ਪ੍ਰਤੀਨਿਧਤਾ ਸ. ਚੰਨੀ ਬਾਖ਼ੂਬੀ ਕਰਦੇ ਹਨ। ਆਪਣੀ ਸਿਆਸੀ ਇੱਛਾ ਬਾਰੇ ਸਪੱਸ਼ਟ ਕਰਦਿਆਂ ਮਦਨ ਮੀਲੂ ਨੇ ਕਿਹਾ ਕਿ ਉਹ ਖ਼ੁਦ ਕਿਸੇ ਸੰਮਤੀ ਜਾਂ ਅਹੁਦੇ ਦੀ ਚੋਣ ਲੜਨ ਦੀ ਖ਼ਾਹਿਸ਼ ਨਹੀਂ ਰੱਖਦੇ, ਸਗੋਂ ਉਨ੍ਹਾਂ ਦਾ ਇੱਕੋ-ਇੱਕ ਮਕਸਦ ਕਾਂਗਰਸ ਪਾਰਟੀ ਨੂੰ ਉੱਪਰ ਚੁੱਕਣਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਟਿਕਟ ਚਾਹੇ ਅਜੇ ਮੰਗੂਪੁਰ ਨੂੰ ਮਿਲੇ, ਚੇਅਰਮੈਨ ਧਰਮਪਾਲ ਭਰਥਲਾ, ਛਿੰਦਾ ਰੈਲਮਾਜਰਾ, ਧਰਮਪਾਲ ਕਟਾਰੀਆ, ਵਿੱਕੀ ਕਾਠਗੜ੍ਹ ਨੂੰ ਮਿਲੇ, ਉਹ ਹਰ ਫ਼ੈਸਲੇ ਦਾ ਸਵਾਗਤ ਕਰਨਗੇ ਪਰ ਸੂਬਾ ਪੱਧਰ ’ਤੇ ਚਿਹਰਾ ਚਰਨਜੀਤ ਚੰਨੀ ਦਾ ਹੀ ਹੋਣਾ ਚਾਹੀਦਾ ਹੈ। ਸਿਆਸਤ ਵਿੱਚ ਸਬਰ ਤੇ ਕਿਰਦਾਰ ਦੀ ਮਿਸਾਲ ਦਿੰਦਿਆਂ ਮਦਨ ਮੀਲੂ ਟੌਂਸਾ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਹਾਲਾਤ ਤੇ ਆਪਣੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਵੀ ਕੀਤਾ।