ਬਲਾਚੌਰ, 16 ਜੁਲਾਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਘਰ-ਘਰ ਰੁਜ਼ਗਾਰ ਦੇਣ ਦੇ ਕੀਤੇ ਗਏ ਵਾਅਦੇ ਜ਼ਮੀਨੀ ਪੱਧਰ ’ਤੇ ਪੂਰੇ ਕਰ ਦਿਖਾਏ। ਇਸੇ ਲੜੀ ਤਹਿਤ ਹਲਕਾ ਬਲਾਚੌਰ ਵਿਖੇ ਇੱਕ ਬੇਹੱਦ ਸ਼ਾਨਦਾਰ ਅਤੇ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿੱਥੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ 12 ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਅਤੇ 20 ਹੈਲਪਰਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਉਨ੍ਹਾਂ ਦੇ ਘਰਾਂ ਵਿੱਚ ਖੁਸ਼ੀਆਂ ਦਾ ਦੀਵਾ ਬਾਲਿਆ। ਨਿਯੁਕਤੀ ਪੱਤਰ ਹਾਸਲ ਕਰਦਿਆਂ ਹੀ ਉਮੀਦਵਾਰਾਂ ਦੇ ਚਿਹਰੇ ਖਿੜ ਉੱਠੇ। ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਵਿਰੋਧੀਆਂ ’ਤੇ ਤਨਜ਼ ਕੱਸਦਿਆਂ ਅਤੇ ਸਰਕਾਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਰੰਗਲੇ ਪੰਜਾਬ ਸਿਰਜਣ ਦੇ ਰਾਹ ’ਤੇ ਚੱਲ ਪਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਯੋਗਤਾ ਦੇ ਅਧਾਰ ’ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀ.ਡੀ.ਪੀ.ਓ ਪੰਕਜ ਸ਼ਰਮਾ, ਕਲਰਕ ਸੰਦੀਪ ਚੌਧਰੀ ਅਤੇ ਸੁਪਰਵਾਈਜ਼ਰਾਂ ਅੰਜਲੀ, ਪਰਮਜੀਤ, ਹਰਸ਼ ਬਾਲਾ ਤੇ ਨੀਲਮ ਕੁਮਾਰੀ ਨੇ ਸਾਰੇ ਨਵ-ਨਿਯੁਕਤ ਉਮੀਦਵਾਰਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਿਆਂ ਪ੍ਰੇਰਿਤ ਕੀਤਾ ਕਿ ਉਹ ਵਿਭਾਗ ਵਿੱਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਤਾਂ ਜੋ ਸਮਾਜ ਦੇ ਲੋੜਵੰਦ ਹਿੱਸੇ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਸਕੇ।