01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਫ਼ਈ ਸੇਵਕ ਯੂਨੀਅਨ ਦੇ ਸੱਦੇ ’ਤੇ ਨਵਾਂਸ਼ਹਿਰ ਰਿਹਾ ਪੂਰਨ ਤੌਰ ’ਤੇ ਬੰਦ

Ad Position 21
No active advertisement
ਅਜੀਤ ਡੈਸਕ 31-07-2026
ਨਵਾਂਸ਼ਹਿਰ, 30 ਜੁਲਾਈ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ) - ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਵਾਂਸ਼ਹਿਰ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਨਵਾਂਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ ਆਟੋ ਯੂਨੀਅਨ (ਇਫਟੂ) ਅਤੇ ਰੇਹੜੀ ਵਰਕਰ ਯੂਨੀਅਨ (ਇਫਟੂ) ਨੇ ਵੀ ਸਫ਼ਾਈ ਸੇਵਕਾਂ ਦੇ ਹੱਕ ’ਚ ਆਪਣੇ ਕਾਰੋਬਾਰ ਬੰਦ ਰੱਖੇ ਅਤੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਕਮੇਟੀ ਬਾਜ਼ਾਰ ਮੰਦਰ ’ਚ ਇਕੱਠ ਕੀਤਾ ਗਿਆ ਜਿਸਨੂੰ ਮਿਉਂਸਪਲ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬਘਾਨੀਆਂ, ਸੂਰਜ ਕੁਮਾਰ ਖੋਸਲਾ, ਦੀਪਕ ਖੋਸਲਾ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਇਫਟੂ ਦੇ ਜ਼ਿਲ੍ਹਾ ਸਕੱਤਰ ਪਰਵੀਨ ਕੁਮਾਰ ਨਿਰਾਲਾ, ਵਪਾਰ ਮੰਡਲ ਦੇ ਆਗੂ ਮਹਿੰਦਰਪਾਲ ਸਿੰਘ ਖ਼ਾਲਸਾ, ਕਾਂਗਰਸ ਦੇ ਆਗੂ ਰਾਜ ਕੁਮਾਰ ਸੱਭਰਵਾਲ, ਭਾਜਪਾ ਦੇ ਜ਼ਿਲਾ ਪ੍ਰਧਾਨ ਰਾਜਵਿੰਦਰ ਲੱਕੀ, ਚੇਤ ਰਾਮ ਰਤਨ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਗੁਰਪ੍ਰੀਤ ਕੌਰ ਥਿਆੜਾ, ਸੁਖਵਿੰਦਰ ਸਿੰਘ ਥਾਂਦੀ, ਆਟੋ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਕਲੇਰ, ਪੇਂਡੂ ਮਜ਼ਦੂਰ ਯੂਨੀਅਨ ਦੇ ਕਮਲਜੀਤ ਸਨਾਵਾ, ਕਿਰਨਜੀਤ ਕੌਰ, ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ, ਹਰੀ ਲਾਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਬਲਜੀਤ ਸਿੰਘ ਧਰਮਕੋਟ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਦੇ ਸਫਾਈ ਕਾਮੇ ਲਗਾਤਾਰ ਆਪਣੇ ਰੁਜ਼ਗਾਰ ਨੂੰ ਪੱਕਾ ਕਰਨ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਲਈ ਸੰਘਰਸ਼ ਕਰ ਰਹੇ ਹਨ ਤੇ ਹੜਤਾਲ ’ਤੇ ਹਨ ਜਿਸ ਕਰਕੇ ਸਫਾਈ ਦਾ ਕੰਮ ਸ਼ਹਿਰਾਂ ਵਿੱਚ ਨਹੀਂ ਹੋ ਰਿਹਾ ਸੀ। ਆਗੂਆਂ ਕਿਹਾ ਉਹਨਾਂ ਦਾ ਸੰਘਰਸ਼ ਸਫਾਈ ਕਾਮਿਆਂ ਨੂੰ ਪੱਕੇ ਕਰਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ, ਤਨਖਾਹ ਘਟੋ ਘੱਟ 40 ਹਜ਼ਾਰ ਕਰਨ ਤੇ ਡੀ.ਐਸ.ਪੀ. ਸਤਬੀਰ ਬੈਂਸ ਤੇ ਐਸ.ਐਚ.ਓ. ਲਖਵਿੰਦਰ ਸਿੰਘ ’ਤੇ ਐਸ.ਸੀ.ਐਸ.ਟੀ ਤਹਿਤ ਪਰਚਾ ਦਰਜ ਕਰਨ ਦੀ ਮੰਗ ਮਨਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਬੰਗਾ ਸ਼ਹਿਰ ਰਿਹਾ ਮੁਕੰਮਲ ਬੰਦ
ਬੰਗਾ, (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਦੇ ਸ਼ਹਿਰ ਬਰਨਾਲਾ ਵਿਖੇ ਪੰਜਾਬ ਪੁਲਿਸ ਵਲੋਂ ਧਰਨੇ ’ਤੇ ਬੈਠੇ ਸਫਾਈ ਕਰਮਚਾਰੀਆਂ ’ਤੇ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਸਫ਼ਾਈ ਕਰਮਚਾਰੀ ਯੂਨੀਅਨ ਅਤੇ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਵਲੋਂ ਦਿੱਤੀ ਗਈ ਹਮਾਇਤ ਕਰਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸ਼ਹਿਰ ਬੰਗਾ ਮੁਕੰਮਲ ਬੰਦ ਰਿਹਾ। ਕੇਵਲ ਤੇ ਕੇਵਲ ਦਵਾਈਆਂ ਵਾਲੀਆਂ, ਸਬਜੀ ਵਾਲੀਆਂ ਦੁਕਾਨਾਂ ਹੀ ਖੁੱਲੀਆਂ ਦੇਖਣ ਨੂੰ ਮਿਲੀਆਂ। ਸਥਾਨਕ ਰੇਲਵੇ ਰੋਡ ਵਾਲਾ ਬਾਜ਼ਾਰ, ਸੁਨਿਆਰਾ ਬਾਜ਼ਾਰ, ਮੇਨ ਰੋਡ ਵਾਲਾ ਬਾਜ਼ਰ ਵਿੱਚ ਚਿੜੀ ਨਹੀਂ ਫੜਕ ਰਹੀ ਸੀ। ਲੋਕ ਆਪਣੀਆਂ ਦੁਕਾਨਾਂ ਤੋਂ ਬਾਹਰ ਬੈਠੇ ਬੰਦ ਦੇ ਪ੍ਰਭਾਵ ਨੂੰ ਤੱਕ ਰਹੇ ਸਨ। ਇਸੇ ਤਰ੍ਹਾਂ ਗੁ. ਸ੍ਰੀ ਚਰਨ ਕੰਵਲ ਬੰਗਾ- ਜੀਂਦੋਵਾਲ ਤੋਂ ਮੁਕੰਦਪੁਰ ਰੋਡ ਦੀਆਂ ਦੁਕਾਨਾਂ, ਵਿੱਦਿਅਕ ਅਦਾਰੇ ਤੇ ਸਾਰੀਆਂ ਬੈਂਕਾਂ ਵੀ ਬੰਦ ਰੱਖੀਆਂ ਗਈਆਂ।
ਬਲਾਚੌਰ ਵਿਖੇ ਸਫਾਈ ਸੇਵਕਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
ਬਲਾਚੌਰ, (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਬੰਦ ਦੀ ਕਾਲ ਨੂੰ ਬਲਾਚੌਰ ਸ਼ਹਿਰ ਵਿੱਚ ਭਰਪੂਰ ਸਮਰਥਨ ਮਿਲਿਆ। ਇਸ ਮੌਕੇ ਸਫਾਈ ਸੇਵਕਾਂ, ਸਮਾਜਿਕ ਅਤੇ ਕਰਮਚਾਰੀ ਜਥੇਬੰਦੀਆਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਤੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਬਰਨਾਲਾ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਹੋਇਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਅਣਮਨੁੱਖੀ ਅਤੇ ਨਿੰਦਣਯੋਗ ਹਰਕਤਾਂ ਕਿਸੇ ਵੀ ਸੱਭਿਆਚਾਰਕ ਸਮਾਜ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਸ ਰੋਸ ਪ੍ਰਦਰਸ਼ਨ ਨੂੰ ਰਾਜਨੀਤਿਕ ਅਤੇ ਸਮਾਜਿਕ ਪੱਧਰ ‘ਤੇ ਵੀ ਸਮਰਥਨ ਮਿਲਿਆ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਆਪਣੇ ਵਰਕਰਾਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਇਕਜੁੱਟਤਾ ਪ੍ਰਗਟਾਈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਅਕਾਲੀ ਦਲ ਦੇ ਸਤਨਾਮ ਸਿੰਘ ਰਾਜੂ ਮਾਜਰਾ, ਅਵਤਾਰ ਸਿੰਘ ਤਾਰੀ, ਕਾਮਰੇਡ ਪਰਮਿੰਦਰ ਮੈਨਕਾ, ਪੰਮਾ ਭਾਟੀਆ, ਸੁਰਿੰਦਰ ਸ਼ਿੰਦਾ, ਜੋਲੀ ਬੈਂਸ ਪ੍ਰਧਾਨ ਵਾਲਮੀਕਿ ਮੰਦਰ ਕਮੇਟੀ, ਲਾਲ ਬਹਾਦਰ ਗਾਂਧੀ ਸਾਬਕਾ ਐਮ.ਸੀ, ਚੰਦਰ ਸ਼ੇਖਰ ਬੈਂਸ, ਚੇਅਰਮੈਨ ਜਿੰਦਰ ਧੌਲ, ਪੱਪਾ ਬੈਂਸ ਵੀ ਆਪਣੇਸਾਥੀਆਂ ਸਮੇਤ ਧਰਨੇ ਵਿੱਚ ਸ਼ਾਮਲ ਹੋਏ ਤੇ ਰੋਸ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ। ਇਸ ਤੋਂ ਇਲਾਵਾ ਬਲਾਚੌਰ ਸ਼ਹਿਰ ਦੀਆਂ ਅਨੇਕਾਂ ਸਮਾਜਿਕ, ਧਾਰਮਿਕ ਅਤੇ ਕਰਮਚਾਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਲਗਵਾਈ ਤੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਵੱਖ-ਵੱਖ ਕਸਬਿਆਂ ’ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)- ਬਰਨਾਲਾ ਲਾਠੀਚਾਰਜ ਦੇ ਵਿਰੋਧ ਵਿੱਚ ਸਫਾਈ ਸੇਵਕਾਂ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ‘ਤੇ ਕਸਬਾ ਮਜਾਰੀ, ਚਣਕੋਆ ਅੱਡਾ ਤੇ ਬਕਾਪੁਰ ਅੱਡੇ ਦੀਆਂ ਦੁਕਾਨਾਂ ਬੰਦ ਰਹੀਆਂ। ਸਿਰਫ ਮੈਡੀਕਲ ਦੀਆਂ ਦੁਕਾਨਾਂ ਹੀ ਖੁੱਲੀਆਂ ਰਹੀਆਂ। ਬਾਜ਼ਾਰ ਬੰਦ ਹੋਣ ਕਾਰਨ ਲੋਕਾਂ ਦੀ ਚਹਿਲ-ਪਹਿਲ ਵੀ ਨਹੀਂ ਵੇਖਣ ਨੂੰ ਮਿਲੀ। ਪੇਂਡੂ ਖੇਤਰਾਂ ਨੂੰ ਚੱਲਣ ਵਾਲੀਆਂ ਬੱਸਾਂ ਬੰਦ ਰਹੀਆਂ ਜਿਸ ਕਾਰਨ ਪਿੰਡਾਂ ਨੂੰ ਜਾਣ ਵਾਲੇ ਲੋਕ ਕਾਫੀ ਸਮਾਂ ਖੱਜਲ-ਖੁਆਰ ਹੁੰਦੇ ਰਹੇ। ਰਾਜ ਮਾਰਗ ‘ਤੇ ਪ੍ਰਾਈਵੇਟ ਬੱਸਾਂ ਦੀ ਆਮਦ ਵੀ ਬਹੁਤ ਘੱਟ ਰਹੀ ਪਰ ਸਰਕਾਰੀ ਬੱਸਾਂ ਚੱਲਦੀਆਂ ਰਹੀਆਂ।
ਬੰਦ ਦੌਰਾਨ ਬੰਗਾ ’ਚ ਲਗਾਇਆ ਧਰਨਾ
ਬੰਗਾ, (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਬੰਦ ਦੌਰਾਨ ਸਫਾਈ ਸੇਵਕ ਯੂਨੀਅਨ ਬੰਗਾ ਨੇ ਰੋਸ ਮਾਰਚ ਕਰਨ ਉਪਰੰਤ ਸਥਾਨਕ ਸਿਟੀ ਥਾਣੇ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ। ਯੂਨੀਅਨ ਵਲੋਂ ਇਹ ਰੋਸ ਮਾਰਚ ਅਤੇ ਧਰਨਾ ਇਸ ਵਿਧਾਨ ਸਭਾ ਹਲਕੇ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਵਰਕਰਾਂ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਕਾਮਯਾਬ ਰਿਹਾ। ਬੰਗਾ ਸ਼ਹਿਰ ਸੰਪੂਰਨ ਬੰਦ ਮੌਕੇ ਸਫਾਈ ਸੇਵਕ ਯੂਨੀਅਨ ਦੇ ਸਮਰਥਨ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਵਧ ਚੜ੍ਹਕੇ ਸਾਥ ਦਿੱਤਾ। ਮੁਕੰਦਪੁਰ ਚੌਂਕ ਵਿਖੇ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਹੋਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਧਰਨਾ ਦਿੱਤਾ ਗਿਆ। ਮੁਕੰਦਪੁਰ ਚੌਂਕ ਬੰਗਾ ਵਿਖੇ ਲੱਗੇ ਧਰਨੇ ਨੂੰ ਯੂਨੀਅਨ ਦੇ ਸਿਰਕੱਢ ਆਗੂ ਅਰੁਣ ਘਈ, ਬੰਗਾ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਚੌਧਰੀ ਮੋਹਨ ਲਾਲ, ਕਾਂਗਰਸ ਦੇ ਆਗੂ ਕੁਲਵਰਨ ਸਿੰਘ ਗਿੱਲ ਥਾਂਦੀਆਂ, ਡਾ. ਬਖਸ਼ੀਸ਼ ਸਿੰਘ, ਡਾ: ਨਿਰੰਜਨ ਪਾਲ, ਜਥੇਦਾਰ ਜਗਜੀਤ ਸਿੰਘ ਖਾਲਸਾ ਆਗੂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਕਿਸਾਨ ਯੂਨੀਅਨ ਆਗੂ ਸ. ਤਰਸੇਮ ਸਿੰਘ ਬੈਂਸ, ਬਸਪਾ ਆਗੂ ਪਰਮਜੀਤ ਮਹਿਰਮਪੁਰੀ, ਕਾਂਗਰਸ ਆਗੂ ਕਮਲਜੀਤ ਬੰਗਾ, ਮੁਲਾਜ਼ਮ ਆਗੂ ਰਾਮ ਕ੍ਰਿਸ਼ਨ ਪੱਲੀ ਝਿੱਕੀ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹਰੀ ਰਾਮ ਰਸੂਲਪੁਰੀ, ਅਧਿਆਪਕ ਆਗੂ ਰਾਮ ਕ੍ਰਿਸ਼ਨ ਪੱਲੀ ਝਿੱਕੀ, ਮਨੋਹਰ ਲਾਲ ਕਮਾਮ ਜ਼ਿਲ੍ਹਾ ਸਕੱਤਰ ਬਹੁਜਨ ਸਮਾਜ ਪਾਰਟੀ, ਸ਼ਕੁੰਤਲਾ ਸਰੋਏ ਸਕੱਤਰ ਆਂਗਣਵਾੜੀ ਯੂਨੀਅਨ ਪੰਜਾਬ, ਸੁਰਿੰਦਰ ਗੁਣਾਚੌਰ, ਤੀਰਥ ਰਾਮ ਰਸੂਲਪੁਰੀ, ਖੁਸ਼ੀ ਰਾਮ ਗੁਣਾਚੌਰ, ਸੁਰਿੰਦਰ ਸਿੰਘ ਖਾਲਸਾ, ਪ੍ਰਵੀਨ ਬੰਗਾ ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਬੰਗਾ, ਜਗਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਮਾਹਿਲ ਗਹਿਲਾਂ, ਜਸਜਿੰਦਰ ਸਿੰਘ ਮਾਹਿਲ ਗਹਿਲਾਂ, ਜਸਵੀਰ ਸਿੰਘ ਮੰਗੂਵਾਲ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।
ਜਾਡਲਾ ਰਿਹਾ ਮੁਕੰਮਲ ਬੰਦ, ਬਾਜ਼ਾਰਾਂ ’ਚ ਛਾਇਆ ਸੰਨਾਟਾ
ਜਾਡਲਾ, (ਹਰਕੰਵਲ ਸਿੰਘ ਕੌਲਗੜ੍ਹ) - ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਜਾਡਲਾ ਵਿੱਚ ਭਰਵਾਂ ਹੁੰਗਾਰਾ ਮਿਲਿਆ। ਵੀਰਵਾਰ ਨੂੰ ਕਸਬਾ ਲਗਪਗ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਸਵੇਰ ਤੋਂ ਹੀ ਮੁੱਖ ਬਾਜ਼ਾਰਾਂ ਵਿੱਚ ਸੰਨਾਟਾ ਪਸਰਿਆ ਰਿਹਾ। ਵਪਾਰੀਆਂ, ਦੁਕਾਨਦਾਰਾਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ। ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ, ਪਰ ਬਾਕੀ ਵਪਾਰਕ ਗਤੀਵਿਧੀਆਂ ਦਿਨ ਭਰ ਪ੍ਰਭਾਵਿਤ ਰਹੀਆਂ।
ਭਰਪੂਰ ਸਮਰਥਨ ਮਿਲਣ ਨਾਲ ਮੁਕੰਦਪੁਰ ਦੇ ਬਾਜ਼ਾਰ ਰਹੇ ਮੁਕੰਮਲ ਬੰਦ
ਮੁਕੰਦਪੁਰ, (ਅਮਰੀਕ ਸਿੰਘ ਢੀਡਸਾ)- ਪੰਜਾਬ ਵਿੱਚ ਬੰਦ ਦੇ ਦਿੱਤੇ ਸੱਦੇ ਨੂੰ ਮੁਕੰਦਪੁਰ ਵਿਖੇ ਸਭ ਵਰਗਾਂ ਦਾ ਭਰਪੂਰ ਸਮਰਥਨ ਮਿਲਣ ਕਰਕੇ ਪੂਰਨ ਤੌਰ ‘ਤੇ ਦੁਕਾਨਾਂ ਬੰਦ ਰਹੀਆਂ। ਇਥੋਂ ਤੱਕ ਕਿ ਰੇੜੀਆਂ ਤੇ ਫੜੀਆਂ ਵਾਲਿਆਂ ਨੇ ਵੀ ਇਸ ਬੰਦ ਨੂੰ ਪੂਰਾ ਸਮਰਥਨ ਦਿੱਤਾ ਅਤੇ ਬਾਜ਼ਾਰ ਅਤੇ ਮੁੱਖ ਸੜਕ ਸੁੰਨੀਆਂ ਨਜ਼ਰ ਆ ਰਹੀਆਂ ਸੀ ਤੇ ਕਰਮਚਾਰੀ ਯੂਨੀਅਨ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਬੱਸ ਸਟੈਂਡ ਵਿਖੇ ਧਰਨਾ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਜੱਸੀ, ਪ੍ਰਸ਼ੋਤਮ ਲਾਲ, ਡਾ. ਭੰਗੂ, ਸੰਤਨ ਸਿੰਘ, ਪ੍ਰਧਾਨ ਵਿਜੇ, ਕੁਲਦੀਪ ਪ੍ਰਧਾਨ, ਜਸਪਾਲ, ਜਸਵਿੰਦਰ ਹੈਪੀ ਬਖਲੌਰ, ਜਿੰਦਰ ਕੁਮਾਰ ਸ਼ੇਖੂਪੁਰ, ਰਵੀ ਭੱਟੀ, ਨਰੇਸ਼ ਕੁਮਾਰ, ਰਾਕੇਸ਼ ਕੁਮਾਰ, ਵਿੱਕੀ, ਰੋਬਿਨ, ਡਾ. ਬਿੱਟੂ ਮੁਕੰਦਪੁਰ, ਸੋਢੀ, ਜਤਿੰਦਰ ਕੁਮਾਰ, ਮਨੀਸ਼ ਕੁਮਾਰ, ਬਹਾਦਰ, ਨੀਰਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਸਤ ਦੁਆਬ ਨਹਿਰ ਵਿੱਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਐੱਮ-ਕਾਮ ਵਿਦਿਆਰਥਣ ਮਨਮੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਵਿਚੋਂ ਹਾਸਲ ਕੀਤਾ ਦੂਜਾ ਸਥਾਨ
Ad Position 24
No active advertisement