ਲਧਾਣਾ ਝਿੱਕਾ ਦਾ ਬੰਦ ਪਿਆ ਪਸ਼ੂ ਹਸਪਤਾਲ ਤੁਰੰਤ ਸ਼ੁਰੂ ਕਰਨ ਦੀ ਮੰਗ
ਬੰਗਾ, 5 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)- ਪਿੰਡ ਲਧਾਣਾ ਝਿੱਕਾ ਤੇ ਨਾਲ ਲੱਗਦੇ ਪਿੰਡ ਲੁਧਾਣਾ ਉੱਚਾ, ਪੱਦੀ ਮੱਠ ਵਾਲੀ ਸਮੇਤ ਆਲੇ-ਦੁਆਲੇ ਦੇ ਹੋਰ ਪਿੰਡਾਂ ਦੇ ਕਿਸਾਨਾਂ ਵੱਲੋਂ ਲਧਾਣਾ ਝਿੱਕਾ ਵਿਖੇ ਬੰਦ ਪਏ ਪਸ਼ੂ-ਹਸਪਤਾਲ ਨੂੰ ਮੁੜ ਸ਼ੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਝਿੱਕਾ ਵਿਖੇ ਸਥਿਤ ਵੈਟਰਨਰੀ ਪਸ਼ੂ ਹਸਪਤਾਲ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਛੋਟੇ ਅਤੇ ਵੱਡੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਸੀ।
ਲ
ਲਧਾਣਾ ਝਿੱਕਾ ਵਿਖੇ ਪਸ਼ੂ ਹਸਪਤਾਲ ਦੀ ਬੰਦ ਪਈ ਇਮਾਰਤ। ਤਸਵੀਰ : ਕਰਮ ਲਧਾਣਾ
06-08-2026
ਬੰਗਾ, 5 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)- ਪਿੰਡ ਲਧਾਣਾ ਝਿੱਕਾ ਤੇ ਨਾਲ ਲੱਗਦੇ ਪਿੰਡ ਲੁਧਾਣਾ ਉੱਚਾ, ਪੱਦੀ ਮੱਠ ਵਾਲੀ ਸਮੇਤ ਆਲੇ-ਦੁਆਲੇ ਦੇ ਹੋਰ ਪਿੰਡਾਂ ਦੇ ਕਿਸਾਨਾਂ ਵੱਲੋਂ ਲਧਾਣਾ ਝਿੱਕਾ ਵਿਖੇ ਬੰਦ ਪਏ ਪਸ਼ੂ-ਹਸਪਤਾਲ ਨੂੰ ਮੁੜ ਸ਼ੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਝਿੱਕਾ ਵਿਖੇ ਸਥਿਤ ਵੈਟਰਨਰੀ ਪਸ਼ੂ ਹਸਪਤਾਲ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਛੋਟੇ ਅਤੇ ਵੱਡੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਸੀ। ਇੱਥੇ ਪਸ਼ੂਆਂ ਦੇ ਇਲਾਜ, ਟੀਕਾਕਰਨ ਤੇ ਐਮਰਜੈਂਸੀ ਸੇਵਾਵਾਂ ਆਸਾਨੀ ਨਾਲ ਮਿਲ ਜਾਂਦੀਆਂ ਸਨ ਪਰ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਇਸ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਹੁਣ ਕਿਸਾਨਾਂ ਨੂੰ ਆਪਣੇ ਬਿਮਾਰ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਬੰਗਾ ਜਾਂ ਨਵਾਂਸ਼ਹਿਰ ਦੇ ਧੱਕੇ ਖਾਣੇ ਪੈ ਰਹੇ ਹਨ। ਸਮੇਂ ’ਤੇ ਇਲਾਜ ਨਾ ਮਿਲਣ ਕਾਰਨ ਕਈ ਵਾਰ ਪਸ਼ੂਆਂ ਦੀ ਜਾਨ ਵੀ ਚਲੀ ਜਾਂਦੀ ਹੈ। ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਝਿੱਕਾ ਪੰਚ ਨੇ ਦੱਸਿਆ ਕਿ ਹਸਪਤਾਲ ਦੀ ਬਿਲਡਿੰਗ ਵੀ ਹੁਣ ਖੰਡਰ ਦੀ ਹਾਲਤ ‘ਚ ਬਦਲ ਰਹੀ ਹੈ। ਸਰਕਾਰ ਦੀ ਘੋਰ ਅਣਦੇਖੀ ਕਾਰਨ ਕਰੋੜਾਂ ਦੀ ਸਰਕਾਰੀ ਜਾਇਦਾਦ ਮਿੱਟੀ ‘ਚ ਮਿਲ ਰਹੀ ਹੈ। ਇਸ ਹਸਪਤਾਲ ਦਾ ਉਦਘਾਟਨ ਅਕਾਲੀ-ਭਾਜਪਾ ਸਰਕਾਰ ਸਮੇਂ ਸਾਬਕਾ ਮੰਤਰੀ ਡਾ. ਰਤਨ ਸਿੰਘ ਅਜਨਾਲਾ ਨੇ 2001 ਵਿੱਚ ਕੀਤਾ ਸੀ। ਇਹ ਸਾਲ 2025 ਤੱਕ ਚੱਲਦਾ ਰਿਹਾ ਪਰ ਹੁਣ ਇਸ ਨੂੰ ਤਾਲਾ ਲੱਗੇ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਜੇਕਰ ਜਲਦ ਹੀ ਇਹ ਹਸਪਤਾਲ ਨਾ ਸ਼ੁਰੂ ਹੋਇਆ ਤਾਂ ਇਹ ਇਮਾਰਤ ਪੂਰੀ ਤਰ੍ਹਾਂ ਖੰਡਰ ਹੋ ਜਾਵੇਗੀ। ਪਿੰਡ ਲਧਾਣਾ ਝਿੱਕਾ ਦੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਤੇ ਪਸ਼ੂ ਪਾਲਣ ਵਿਭਾਗ ਤੋਂ ਤਿੱਖੀ ਮੰਗ ਕੀਤੀ ਗਈ ਹੈ ਕਿ ਝਿੱਕਾ ਵਾਲੇ ਪਸ਼ੂ ਹਸਪਤਾਲ ਨੂੰ 15 ਦਿਨਾਂ ਦੇ ਅੰਦਰ-ਅੰਦਰ ਮੁੜ ਚਾਲੂ ਕੀਤਾ ਜਾਵੇ। ਇੱਥੇ ਪੱਕੇ ਡਾਕਟਰ ਤੇ ਪੈਰਾ-ਵੈੱਟਨਰੀ ਸਟਾਫ ਦੀ ਤੁਰੰਤ ਤਾਇਨਾਤੀ ਕੀਤੀ ਜਾਵੇ। ਦਵਾਈਆਂ ਅਤੇ ਪਸ਼ੂ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।