ਦੇਸ਼ ਦੀ ਤਰੱਕੀ ਹਿੱਤ ਪੰਜਾਬੀਅਤ ਨੇ ਸਦਾ ਅਗਵਾਈ ਕੀਤੀ-ਕਾਹਨੇਕੇ
ਬੰਗਾ, 4 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਅਜੋਕੇ ਸਮੇਂ ’ਚ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਸਮਾਜਿਕ ਸਾਂਝ ਵਧਾਉਣ ਦੀ ਲੋੜ ਹੈ, ਤਾਂ ਹੀ ਬਹੁਪੱਖੀ ਵਿਕਾਸ ਨੂੰ ਸਹੀ ਲੀਹ ਪ੍ਰਦਾਨ ਕੀਤੀ ਜਾ ਸਕਦੀ ਹੈ। ਇਹ ਪ੍ਰਗਟਾਵਾ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਨੇ ਕੀਤਾ।
ਬੰਗਾ, 4 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਅਜੋਕੇ ਸਮੇਂ ’ਚ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਸਮਾਜਿਕ ਸਾਂਝ ਵਧਾਉਣ ਦੀ ਲੋੜ ਹੈ, ਤਾਂ ਹੀ ਬਹੁਪੱਖੀ ਵਿਕਾਸ ਨੂੰ ਸਹੀ ਲੀਹ ਪ੍ਰਦਾਨ ਕੀਤੀ ਜਾ ਸਕਦੀ ਹੈ। ਇਹ ਪ੍ਰਗਟਾਵਾ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਨੇ ਕੀਤਾ। ਉਹ ਇਥੇ ਫਾਊਂਡੇਸ਼ਨ ਦੇ ਮੈਂਬਰਾਂ ਨਾਲ ਸਮਾਜਿਕ ਮੁੱਦਿਆਂ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਚੁਣੌਤੀਆਂ ਕੁਦਰਤੀ ਵਸੀਲਿਆਂ ਨਾਲ ਛੇੜਛਾੜ, ਰਾਜਸੀ ਧਿਰਾਂ ਵਲੋਂ ਵਖਰੇਵੇਂ ਖੜ੍ਹੇ ਕਰਨ ਤੇ ਵਿਅਕਤੀਤਵ ਹਿੱਤਾਂ ’ਚ ਉਲਝੀ ਤਾਣੀ ਕਰਕੇ ਆੜੇ ਆਈਆਂ ਹਨ। ਸ. ਲਖਵਿੰਦਰ ਸਿੰਘ ਕਾਹਨੇਕੇ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਉਕਤ ਫਾਊਂਡੇਸ਼ਨ ਵਲੋਂ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਜਹਾਜ਼ ਹਵੇਲੀ ਦੀ ਸੰਭਾਲ ਹਿੱਤ ਫ਼ਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਨਿਰਮਾਣ ਕਾਰਜ ਚੌਥੇ ਚਰਮ ਵਿਚ ਪੁੱਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵਲੋਂ ਆਪਣੀ ਸਥਾਪਨਾ ਵਾਲੇ ਦਿਨ ਤੋਂ ਸਮਾਜ ਦੇ ਲੋੜਵੰਦ ਵਰਗ ਦੀ ਸਹਾਇਤਾ ਅਤੇ ਵਿਰਾਸਤ ਨੂੰ ਸੰਭਾਲਣ ਹਿਤ ਸਮਰਪਿਤ ਸੇਵਾਵਾਂ ਨਿਰੰਤਰ ਨਿਭਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿਚ ਵੱਡਾ ਯੋਗਦਾਨ ਐਨ. ਆਰ. ਆਈਜ਼ ਵਲੋਂ ਪਾਇਆ ਜਾ ਰਿਹਾ ਹੈ। ਇਸ ਮੌਕੇ ਫਾਊਂਡੇਸ਼ਨ ਦੇ ਉਪ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ, ਖਜ਼ਾਨਚੀ ਲਖਵਿੰਦਰ ਸਿੰਘ ਕੱਤਰੀ, ਸੋਸ਼ਲ ਮੀਡੀਆ ਇੰਚਾਰਜ ਸਤਨਾਮ ਸਿੰਘ ਬਲਾਕੀਪੁਰ ਤੇ ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ ਸ਼ਾਮਲ ਸਨ। ਇਸ ਮੌਕੇ ਸ. ਲਖਵਿੰਦਰ ਸਿੰਘ ਕਾਹਨੇਕੇ ਨੂੰ ਸਨਮਾਨਿਤ ਵੀ ਕੀਤਾ। ਇਹ ਗੱਲ ਦੱਸਣਯੋਗ ਹੈ ਕਿ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਹਾਜ਼ ਹਵੇਲੀ ਨੂੰ ਪੁਰਾਣੀ ਦਿੱਖ ਪ੍ਰਦਾਨ ਕਰਨ ਲਈ ਕੌਮਾਂਤਰੀ ਪੱਧਰ ’ਤੇ ਖਿੱਚ ਦਾ ਕੇਂਦਰ ਬਣੀ ਹੋਈ ਹੈ।