10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਨਵਾਂਸ਼ਹਿਰ ਖੰਡ ਮਿੱਲ ਦੇ ਕੋ-ਜਨਰੇਸ਼ਨ ਪਲਾਂਟ ਦੇ ਬਿਜਲੀ ਕੁਨੈਕਸ਼ਨ ਬਹਾਲ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਨਵਾਂਸ਼ਹਿਰ, 9 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਕੋ-ਜਨਰੇਸ਼ਨ ਪਲਾਂਟ ਦਾ 66 ਕੇ. ਵੀ.

Ad Position 21
No active advertisement
ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਕਿਸਾਨ ਰੋਸ ਪ੍ਰਦਰਸ਼ਨ ਕਰਨ ਸਮੇਂ। ਤਸਵੀਰ : ਜਸਬੀਰ ਸਿੰਘ ਨੂਰਪੁਰ 10-10-2026
ਨਵਾਂਸ਼ਹਿਰ, 9 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਕੋ-ਜਨਰੇਸ਼ਨ ਪਲਾਂਟ ਦਾ 66 ਕੇ. ਵੀ. ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਸਮੂਹ ਕਿਸਾਨ ਜਥੇਬੰਦੀਆਂ, ਜ਼ਮੀਨ ਮਾਲਕਾਂ ਤੇ ਮਿੱਲ ਮੁਲਾਜ਼ਮਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਰਾਹੀਂ ਮੰਗ-ਪੱਤਰ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਕੁਨੈਕਸ਼ਨ ਬਹਾਲ ਕਰਨ ਵਿਚ ਦੇਰੀ ਕੀਤੀ ਗਈ ਤਾਂ ਇਸ ਦਾ ਸਿੱਧਾ ਅਸਰ ਮਿੱਲ ਦੀ ਗੰਨਾ ਪੀੜਾਈ ਸਮਰੱਥਾ ਤੇ ਇਲਾਕੇ ਦੇ ਲਗਪਗ 3000 ਕਿਸਾਨ ਪਰਿਵਾਰਾਂ ਦੀ ਆਰਥਿਕਤਾ ’ਤੇ ਪੈ ਸਕਦਾ ਹੈ। ਮੰਗ ਪੱਤਰ ਵਿਚ ਦੱਸਿਆ ਗਿਆ ਕਿ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲਜ਼ ਲਿਮਟਿਡ ਵਿਚ ਸਥਾਪਤ ਕੋ-ਜਨਰੇਸ਼ਨ ਪਲਾਂਟ ਪਹਿਲਾਂ ਮੈਸਰਜ਼ ਸ਼ਰਧਾ ਇੰਡਸਟਰੀਜ਼, ਨਵੀਂ ਦਿੱਲੀ ਵਲੋਂ ਚਲਾਇਆ ਜਾ ਰਿਹਾ ਸੀ, ਪਰ 1 ਸਤੰਬਰ 2025 ਤੋਂ ਇਹ ਪਲਾਂਟ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੇ ਆਪਣੇ ਅਧੀਨ ਲੈ ਕੇ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਮੰਗ ਪੱਤਰ ਅਨੁਸਾਰ, ਪਹਿਲਾਂ ਪ੍ਰਾਈਵੇਟ ਕੰਪਨੀ ਵਲੋਂ ਪਰਮਾਨੈਂਟ ਕੰਜ਼ਿਊਮਰ (ਸਥਾਈ ਖਪਤਕਾਰ) ਦੀ ਲੋੜੀਂਦੀ ਸਥਿਤੀ ਪੂਰੀ ਨਾ ਹੋਣ ਕਾਰਨ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਹੁਣ ਮਿੱਲ ਵਲੋਂ ਪਲਾਂਟ ਚਲਾਉਣ ਦੇ ਬਾਵਜੂਦ ਬਿਜਲੀ ਕੁਨੈਕਸ਼ਨ ਬਹਾਲ ਨਾ ਹੋਣ ਕਾਰਨ ਗੰਨਾ ਪਿੜਾਈ ਦੇ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਚਿੰਤਾ ਵਧ ਗਈ ਹੈ। ਕਿਸਾਨ ਆਗੂਆਂ ਨੇ ਮੰਗ-ਪੱਤਰ ਵਿਚ ਬਿਜਲੀ ਵਿਭਾਗ ਦੀ ਕਾਰਵਾਈ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਇਹ ਪਲਾਂਟ ਪ੍ਰਾਈਵੇਟ ਕੰਪਨੀ ਦੇ ਅਧੀਨ ਸੀ, ਉਸ ਸਮੇਂ ਬਿਜਲੀ ਵਿਭਾਗ ਵਲੋਂ ਕੰਪਨੀ ਨੂੰ ਸਾਲਾਨਾ 12 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਸੀ ਤੇ ਉਨ੍ਹਾਂ ਅਨੁਸਾਰ ਕੰਪਨੀ ਵੱਲ ਕੋਈ ਬਕਾਇਆ ਨਹੀਂ ਸੀ। ਇਸ ਦੇ ਬਾਵਜੂਦ ਹੁਣ ਬਿਜਲੀ ਵਿਭਾਗ ਵਲੋਂ 8.77 ਕਰੋੜ ਰੁਪਏ ਦੀ ਰਕਮ ਾਂਬੰਧੀ ਇੰਡੈਮਨਿਟੀ ਬਾਂਡ (ਨੁਕਸਾਨ ਦੀ ਭਰਪਾਈ ਦੀ ਗਾਰੰਟੀ) ਮਿੱਲ ਤੋਂ ਮੰਗਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਰਕਮ ਪੁਰਾਣੀ ਪ੍ਰਾਈਵੇਟ ਕੰਪਨੀ ਨਾਲ ਸੰਬੰਧਤ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਸੰਬੰਧਤ ਕੰਪਨੀ ਦੀ ਬਣਦੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਜ਼ਿਲ੍ਹੇ ਦਾ ਅਹਿਮ ਸਹਿਕਾਰੀ ਅਦਾਰਾ ਹੈ, ਜਿਸ ਨਾਲ ਹਜ਼ਾਰਾਂ ਕਿਸਾਨਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਇਲਾਕੇ ਦੇ ਗੰਨਾ ਉਤਪਾਦਕ ਕਿਸਾਨ ਆਪਣੀ ਫ਼ਸਲ ਦੀ ਪਿੜਾਈ ਲਈ ਇਸ ਮਿੱਲ ’ਤੇ ਨਿਰਭਰ ਕਰਦੇ ਹਨ। ਅਜਿਹੇ ਵਿਚ ਕੋ-ਜਨਰੇਸ਼ਨ ਪਲਾਂਟ ਦਾ ਬਿਜਲੀ ਕੁਨੈਕਸ਼ਨ ਬਹਾਲ ਨਾ ਹੋਣ ਕਾਰਨ ਮਿੱਲ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਬੰਧਤ ਬਿਜਲੀ ਵਿਭਾਗ ਨੂੰ ਤੁਰੰਤ ਬਿਜਲੀ ਕੁਨੈਕਸ਼ਨ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਇਸ ਮੌਕੇ ਕੁਲਦੀਪ ਸਿੰਘ ਵਜੀਦਪੁਰ ਪ੍ਰਧਾਨ ਦੋਆਬਾ ਕਿਸਾਨ ਯੂਨੀਅਨ ਪੰਜਾਬ, ਅੰਗਦ ਸਿੰਘ ਸਾਬਕਾ ਵਿਧਾਇਕ, ਮਨਜੀਤ ਸਿੰਘ ਰਾਏ ਪ੍ਰਧਾਨ, ਕੁਲਦੀਪ ਸਿੰਘ ਦਿਆਲਾ ਵਿੱਤ ਸਕੱਤਰ, ਗੁਰਤੇਜ ਸਿੰਘ ਹਿਆਲਾ, ਗੁਰਨਾਮ ਸਿੰਘ ਖੁਰਦ ਮਹਾ ਸਿੰਘ ਰੋੜੀ ਹਰਵਿੰਦਰ ਸਿੰਘ, ਹਰਦੀਪ ਸਿੰਘ ਅਤੇ ਮਲਕੀਤ ਸਿੰਘ, ਚੌਧਰੀ ਹਰਬੰਸ ਲਾਲ ਨਿਆਮਤਪੁਰ, ਸੁਖਦੀਪ ਸਿੰਘ ਸ਼ੁਕਾਰ, ਪਰਮ ਸਿੰਘ ਖਾਲਸਾ, ਹਰਪ੍ਰੀਤ ਸਿੰਘ ਖਾਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਤੇ ਮਿੱਲ ਮੁਲਾਜ਼ਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਅਗਲੀ ਖ਼ਬਰ ਰਾਹੋਂ ’ਚ ਪ੍ਰਵਾਸੀ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
Ad Position 24