ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲਾ ਲਗਾਇਆ
ਨਵਾਂਸ਼ਹਿਰ, 21 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਪੀ. ਐਮ.
ਨਵਾਂਸ਼ਹਿਰ, 21 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਦੋ ਦਿਨਾਂ ਬਲਾਕ ਪੱਧਰੀ ਵਿਸ਼ਾ ਮੇਲਾ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਅਧੀਨ ਆਉਂਦੇ ਵੱਖ-ਵੱਖ ਬਲਾਕਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਸ਼ਾ ਮੇਲੇ ਦੇ ਪਹਿਲੇ ਦਿਨ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਦੂਸਰੇ ਦਿਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਨੇ ਭਾਗ ਲੈ ਕੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਮੇਲੇ ਦੇ ਪਹਿਲੇ ਦਿਨ ਦਾ ਰਸਮੀ ਉਦਘਾਟਨ ਹਲਕਾ ਨਵਾਂਸ਼ਹਿਰ ਇੰਚਾਰਜ ਰੌਬੀ ਕੰਗ ਨੇ ਸ਼ਮਾ ਰੌਸ਼ਨ ਕਰਕੇ ਕੀਤਾ ਅਤੇ ਦੂਸਰੇ ਦਿਨ ਦੇ ਮੇਲੇ ਦੌਰਾਨ ਜ਼ਿਲ੍ਹਾ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਪੁੱਜ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਬੱਚਿਆਂ ਵਲੋਂ ਲਗਾਈਆਂ ਗਈਆਂ ਮਾਡਲ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ। ਲਗਾਈਆਂ ਮਾਡਲ ਪ੍ਰਦਰਸ਼ਨੀਆਂ ਜਿਨ੍ਹਾਂ ਵਿੱਚ ਅਸਲ ਜ਼ਿੰਦਗੀ ਵਿੱਚ ਵਰਤੋਂ, ਕਲਾ-ਏਕੀਕ੍ਰਿਤ ਸਿੱਖਿਆ, ਭਾਰਤੀ ਜੀਵਨ ਦ੍ਰਿਸ਼ਟੀ (ਅਤੀਤ, ਵਰਤਮਾਨ ਅਤੇ ਭਵਿੱਖ ਨਾਲ ਕਿਵੇਂ ਜੁੜੀਏ) ਆਦਿ ਦੇ ਥੀਮ ਤਹਿਤ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਮਾਡਲ ਤਿਆਰ ਕਰਕੇ ਪ੍ਰਦਰਸ਼ਨਈ ਲਗਾਈ ਗਈ। ਮੇਲੇ ਵਿੱਚ ਕਰੀਬ ਪੈਂਤੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ’ਤੇ ਦੋਵੇਂ ਦਿਨ ਮੁੱਖ ਮਹਿਮਾਨਾਂ ਵੱਲੋਂ ਬੱਚਿਆਂ ਵੱਲੋਂ ਬਣਾਏ ਗਏ ਮਾਡਲਾਂ ਦੀ ਸ਼ਲਾਘਾ ਕੀਤੀ ਗਈ। ਹਲਕਾ ਇੰਚਾਰਜ ਰੌਬੀ ਕੰਗ ਅਤੇ ਸਤਨਾਮ ਸਿੰਘ ਜਲਵਾਹਾ ਨੇ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਨਿਯੁਕਤ ਕੀਤੇ ਗਏ ਜੱਜਾਂ ਵੱਲੋਂ ਮਾਡਲਾਂ ਦੀ ਜੱਜਮੈਂਟ ਕਰਕੇ ਬੱਚਿਆਂ ਦੀਆਂ ਪੁਜੀਸ਼ਨਾਂ ਕੱਢੀਆਂ ਗਈਆਂ। ਦੂਸਰੇ ਦਿਨ ਮੇਲੇ ਦੀ ਸਮਾਪਤੀ ਉਪਰੰਤ ਗ੍ਰਾਮ ਪੰਚਾਇਤ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਮਾਸਟਰ ਮਨੋਹਰ ਸਿੰਘ ਵੱਲੋਂ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਦੋਵੇਂ ਦਿਨ ਲਗਾਏ ਵਿਸ਼ਾ ਮੇਲੇ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਦੀ ਸਿਹਤ ਜਾਂਚ ਕੀਤੀ ਗਈ।