ਰੇਬੀਜ਼ ਦੀ ਰੋਕਥਾਮ ਲਈ ਜ਼ਖ਼ਮ ਦੀ ਤੁਰੰਤ ਸਫ਼ਾਈ ਅਤੇ ਸਮੇਂ ਸਿਰ ਟੀਕਾਕਰਨ ਬੇਹੱਦ ਜ਼ਰੂਰੀ: ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ
ਨਵਾਂਸ਼ਹਿਰ, 28 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਰੇਬੀਜ਼ ਵਰਗੀ ਜਾਨਲੇਵਾ ਬਿਮਾਰੀ ਦੀ ਰੋਕਥਾਮ ਅਤੇ ਜਾਨਵਰਾਂ ਦੇ ਕੱਟਣ ਜਾਂ ਵੱਢਣ ਦੇ ਮਾਮਲਿਆਂ ’ਚ ਮਰੀਜ਼ਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ (ਐੱਨ.
ਨਵਾਂਸ਼ਹਿਰ, 28 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਰੇਬੀਜ਼ ਵਰਗੀ ਜਾਨਲੇਵਾ ਬਿਮਾਰੀ ਦੀ ਰੋਕਥਾਮ ਅਤੇ ਜਾਨਵਰਾਂ ਦੇ ਕੱਟਣ ਜਾਂ ਵੱਢਣ ਦੇ ਮਾਮਲਿਆਂ ’ਚ ਮਰੀਜ਼ਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ (ਐੱਨ.ਆਰ.ਸੀ.ਪੀ.) ਤਹਿਤ ਮੈਡੀਕਲ ਅਫ਼ਸਰਾਂ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਡਾਕਟਰਾਂ ਨੂੰ ਐਂਟੀ ਰੇਬੀਜ਼ ਵੈਕਸੀਨ (ਏ.ਆਰ.ਵੀ.) ਅਤੇ ਐਂਟੀ ਰੇਬੀਜ਼ ਸੀਰਮ (ਏ.ਆਰ.ਐੱਸ.) ਦੀ ਸਹੀ ਵਰਤੋਂ, ਮਰੀਜ਼ਾਂ ਦੀ ਜਾਂਚ ਅਤੇ ਜਾਨਵਰਾਂ ਦੇ ਕੱਟਣ ਤੋਂ ਬਾਅਦ ਦਿੱਤੇ ਜਾਣ ਵਾਲੇ ਬਚਾਅ ਇਲਾਜ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਰੇਬੀਜ਼ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ, ਪਰ ਸਮੇਂ ਸਿਰ ਸਹੀ ਸਾਵਧਾਨੀਆਂ ਅਤੇ ਪੂਰਾ ਬਚਾਅ ਇਲਾਜ ਕਰਵਾਉਣ ਨਾਲ ਇਸ ਤੋਂ ਬਚਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਕੁੱਤੇ ਜਾਂ ਕਿਸੇ ਹੋਰ ਸ਼ੱਕੀ ਜਾਨਵਰ ਦੇ ਕੱਟਣ, ਖੁਰਚਣ ਜਾਂ ਜ਼ਖ਼ਮੀ ਚਮੜੀ ਨੂੰ ਚੱਟਣ ਦੀ ਸਥਿਤੀ ਵਿੱਚ ਬਿਲਕੁਲ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਤੁਰੰਤ ਸਿਹਤ ਸੰਸਥਾ ਵਿੱਚ ਪਹੁੰਚ ਕਰਨੀ ਚਾਹੀਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਜਾਨਵਰ ਦੇ ਕੱਟਣ ਜਾਂ ਖੁਰਚਣ ਦੀ ਸੂਰਤ ’ਚ ਘਰੇਲੂ ਨੁਸਖਿਆਂ ਜਾਂ ਅੰਧਵਿਸ਼ਵਾਸਾਂ ਦੇ ਸਹਾਰੇ ਨਾ ਰਹਿਣ, ਸਗੋਂ ਜ਼ਖ਼ਮ ਦੀ ਤੁਰੰਤ ਸਫ਼ਾਈ ਕਰਨ ਉਪਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਪਹੁੰਚ ਕੇ ਡਾਕਟਰੀ ਸਲਾਹ ਅਤੇ ਪੂਰਾ ਇਲਾਜ ਪ੍ਰਾਪਤ ਕਰਨ।