ਗੱਠਜੋੜ ਦਾ ਜੋ ਵੀ ਉਮੀਦਵਾਰ ਹੋਵੇਗਾ, ਉਸ ਨੂੰ ਜਿਤਾ ਕੇ ਵਿਧਾਨ ਸਭਾ ਭੇਜਾਂਗੇ- ਅਸ਼ੋਕ ਬਾਠ
ਕਾਠਗੜ੍ਹ, 29 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)- ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੇ ਮੁੜ ਬਣਨ ਨਾਲ ਸਿਆਸੀ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਵਿਰੋਧੀ ਧਿਰਾਂ ਦੇ ਹੌਂਸਲੇ ਪਸਤ ਹੋ ਗਏ ਹਨ। ਗਠਜੋੜ ਜਿਸ ਵੀ ਉਮੀਦਵਾਰ ’ਤੇ ਭਰੋਸਾ ਜਤਾਏਗਾ, ਬਲਾਚੌਰ ਦੇ ਸਮੂਹ ਵਰਕਰ ਇੱਕਜੁੱਟ ਹੋ ਕੇ ਉਸ ਨੂੰ ਵੱਡੀ ਜਿੱਤ ਦਿਵਾਉਣਗੇ।
ਕਾਠਗੜ੍ਹ, 29 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)- ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੇ ਮੁੜ ਬਣਨ ਨਾਲ ਸਿਆਸੀ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਵਿਰੋਧੀ ਧਿਰਾਂ ਦੇ ਹੌਂਸਲੇ ਪਸਤ ਹੋ ਗਏ ਹਨ। ਗਠਜੋੜ ਜਿਸ ਵੀ ਉਮੀਦਵਾਰ ’ਤੇ ਭਰੋਸਾ ਜਤਾਏਗਾ, ਬਲਾਚੌਰ ਦੇ ਸਮੂਹ ਵਰਕਰ ਇੱਕਜੁੱਟ ਹੋ ਕੇ ਉਸ ਨੂੰ ਵੱਡੀ ਜਿੱਤ ਦਿਵਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਭਾਜਪਾ ਹਲਕਾ ਇੰਚਾਰਜ ਚੌਧਰੀ ਅਸ਼ੋਕ ਬਾਠ ਰੱਤੇਵਾਲ (ਰਿਟਾਇਰਡ ਆਈ.ਪੀ.ਐਸ.) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਚੌਧਰੀ ਅਸ਼ੋਕ ਬਾਠ ਰੱਤੇਵਾਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੋਇਆ ਹੈ, ਪੰਜਾਬ ਵਿੱਚ ਗਠਜੋੜ ਦੀ ਹੀ ਸਰਕਾਰ ਬਣੀ ਹੈ। ਲੋਕਾਂ ਨੂੰ ਅੱਜ ਵੀ ਉਹ ਸੁਨਹਿਰੀ ਦੌਰ ਯਾਦ ਹੈ, ਜਦੋਂ ਪੰਜਾਬ ਵਿੱਚ ਸੜਕਾਂ, ਪੁਲਾਂ, ਮੰਡੀਆਂ ਅਤੇ ਪਿੰਡਾਂ ਦਾ ਚਾਰੇ ਪਾਸੇ ਵਿਕਾਸ ਹੋਇਆ ਸੀ। ਹੁਣ ਫਿਰ ਲੋਕਾਂ ਦੇ ਮਨਾਂ ਵਿੱਚ ਗਠਜੋੜ ਦੀ ਸਰਕਾਰ ਨੂੰ ਲੈ ਕੇ ਵੱਡੀ ਉਮੀਦ ਜਾਗੀ ਹੈ। ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਵਿੱਚ ਭਾਜਪਾ ਦਾ ਗ੍ਰਾਫ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਲੋਕ ਖੁਦ ਗਠਜੋੜ ਨਾਲ ਜੁੜ ਰਹੇ ਹਨ। ਨੌਜਵਾਨ, ਕਿਸਾਨ, ਵਪਾਰੀ, ਮਜ਼ਦੂਰ ਹਰ ਵਰਗ ਹੁਣ ਬਦਲਾਅ ਚਹੁੰਦਾ ਹੈ ਅਤੇ ਉਸ ਬਦਲਾਅ ਦਾ ਨਾਂ ਅਕਾਲੀ-ਭਾਜਪਾ ਗਠਜੋੜ ਹੈ। ਉਨ੍ਹਾਂ ਕਿਹਾ ਕਿ ਮੋਟਰਸਾਈਕਲਾਂ ’ਤੇ ਦਾਤਰਾਂ ਲੈ ਕੇ ਘੁੰਮ ਰਹੇ ਨਸ਼ੇੜੀ ਰਾਹਗੀਰਾਂ ਨਾਲ ਲੁੱਟ-ਖੋਹ ਕਰਕੇ ਫਰਾਰ ਹੋ ਜਾਂਦੇ ਹਨ। ਲੋਕ ਘਰੋਂ ਨਿਕਲਣ ਸਮੇਂ ਵੀ ਘਬਰਾਹਟ ਮਹਿਸੂਸ ਕਰ ਰਹੇ ਹਨ। ਸੜਕਾਂ ’ਤੇ ਕਿਤੇ ਨਾਕਾਬੰਦੀ ਨਜ਼ਰ ਨਹੀਂ ਆਉਂਦੀ ਅਤੇ ਪੁੱਛਣ ’ਤੇ ਮੁਲਾਜ਼ਮਾਂ ਦੀ ਘਾਟ ਦਾ ਰੋਣਾ ਰੋਇਆ ਜਾਂਦਾ ਹੈ। ਇਹ ਸਭ ਸਰਕਾਰ ਦੀ ਕੰਮਜ਼ੋਰੀ ਨੂੰ ਦਰਸਾਉਂਦਾ ਹੈ। ਅੰਤ ਵਿੱਚ ਚੌਧਰੀ ਅਸ਼ੋਕ ਬਾਠ ਨੇ ਦਾਅਵਾ ਕੀਤਾ ਕਿ ਭਾਜਪਾ ਇਸ ਵਾਰ ਨਵੀਂ ਰਣਨੀਤੀ, ਨਵੇਂ ਜੋਸ਼ ਅਤੇ ਨਵੇਂ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਰੇਗੀ। ਪੰਜਾਬ ਦੀ ਜਨਤਾ ਹੁਣ ਫਿਰ ਬਦਲਾਅ ਦੇਖਣਾ ਚਾਹੁੰਦੀ ਹੈ ਅਤੇ 2027 ਵਿੱਚ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ।