ਖਮਾਣੋਂ, 31 ਦਸੰਬਰ (ਮਨਮੋਹਣ ਸਿੰਘ ਕਲੇਰ)-ਬੀਤੀ ਰਾਤ ਪਈ ਸੰਘਣੀ ਧੁੰਦ ਦਾ ਫ਼ਾਇਦਾ ਚੁੱਕਦੇ ਹੋਏ ਤਿੰਨ ਵਰਨਾ ਕਾਰ ਸਵਾਰਾਂ ਨੇ ਸਥਾਨਕ ਬਦੇਸ਼ਾ ਰੋਡ 'ਤੇ ਸਥਿਤ ਇਕ ਪਨਸਾਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਦਾਮਾਂ ਦੀ ਭਰੀ ਇਕ ਬੋਰੀ ਅਤੇ ਪੰਦਰਾਂ ਤੋਂ ਵੀਹ ਹਜ਼ਾਰ ਰੁਪਏ ਦੀ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦੇ ਹੋਏ ਆਤਮਾ ਰਾਮ ਪਨਸਾਰੀ ਦੀ ਦੁਕਾਨ ਦੇ ਮਾਲਕ ਅਜੇ ਸ਼ਰਮਾ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਕਰੀਬ 12 ਵਜੇ ਦੀ ਹੈ | ਜਦੋਂ ਸ਼ਹਿਰ 'ਚ ਸੰਘਣੀ ਧੁੰਦ ਪਈ ਹੋਈ ਸੀ ਤਾਂ ਇਕ ਉਕਤ ਕਾਰ ਸਵਾਰ ਆਉਂਦੇ ਹਨ | ਜਿਨ੍ਹਾਂ ਨੇ ਦੁਕਾਨ ਦਾ ਸ਼ਟਰ ਰਾਡ ਨਾਲ ਉੱਪਰ ਚੁੱਕ ਕੇ ਉਪਰੋਕਤ ਸਾਮਾਨ ਅਤੇ ਨਕਦੀ ਚੋਰੀ ਕਰ ਲਈ | ਜਦੋਂਕਿ ਇਸ ਦੌਰਾਨ ਰਾਤ ਸਮੇਂ ਪਹਿਰੇ 'ਤੇ ਮੌਜੂਦ ਚੌਕੀਦਾਰ ਨੂੰ ਇਸ ਸਬੰਧੀ ਕੁਝ ਭਿਣਕ ਪਈ ਤਾਂ ਜਦੋਂ ਉਸ ਨੇ ਸੀਟੀ ਵਜਾਈ ਤਾਂ ਇਹ ਚੋਰ ਕਾਰ ਵਿਚ ਹੀ ਫ਼ਰਾਰ ਹੋ ਗਏ | ਪੀੜਤ ਅਨੁਸਾਰ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਇਸ ਦੌਰਾਨ ਪੁਲਿਸ ਵਲੋਂ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ |