ਫ਼ਤਹਿਗੜ੍ਹ ਸਾਹਿਬ, 31 ਦਸੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਬਲਜੀਤ ਸਿੰਘ ਭੁੱਟਾ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਸ਼ੈਲੀ ਨੇ ਸਵਾਲ ਚੁੱਕਦਿਆਂ ਕਿਹਾ ਕਿ ਕੌਮੀ ਰਾਜ ਮਾਰਗ ਤੋਂ ਵਾਇਆ ਹੰਸਾਲੀ, ਖੇੜਾ, ਬਡਾਲੀ ਆਲਾ ਸਿੰਘ ਤੱਕ ਨਵੀਂ ਬਣਾਈ ਗਈ ਸੜਕ 10 ਦਿਨਾਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ, ਕਿਉਂਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਠੇਕੇਦਾਰ ਦੁਆਰਾ ਕਥਿਤ ਤੌਰ 'ਤੇ ਵਰਤੀ ਜਾ ਰਹੀ ਅਣਗਹਿਲੀ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ | ਭੁੱਟਾ ਨੇ ਸੜਕ ਦਾ ਮੌਕਾ ਦੇਖਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੜਕ 2022 ਵਿਚ ਬਣਾਈ ਗਈ ਸੀ, ਪ੍ਰੰਤੂ ਇਸ ਸੜਕ ਨੂੰ 18 ਤੋਂ 23 ਫੁੱਟ ਚੌੜੀ ਕਰਨ ਦੇ ਪ੍ਰੋਗਰਾਮ ਵਿਚ ਲਿਆ ਗਿਆ | ਜਿਸ ਨੂੰ ਦੋਨੋਂ ਪਾਸੇ ਢਾਈ-ਢਾਈ ਫੁੱਟ ਚੌੜਾਈ ਕਰਕੇ ਮੈਟੀਰੀਅਲ ਪਾਉਣਾ ਬਣਦਾ ਸੀ, ਜਿਸ ਨਾਲ ਸਰਕਾਰ ਦੇ ਖ਼ਜ਼ਾਨੇ ਦਾ ਨੁਕਸਾਨ ਨਹੀਂ ਸੀ ਹੋਣਾ, ਪ੍ਰੰਤੂ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਰਕੇ ਮੈਂਨਟੀਨੈਸ ਵਿਚ ਚੱਲਦੀ ਸੜਕ ਨੂੰ ਦੁਬਾਰਾ ਬਣਾਉਣ ਦਾ ਟੈਂਡਰ ਕੀਤਾ ਗਿਆ | ਜਿਸ ਕਰਕੇ ਸਿੱਧੇ ਤੌਰ 'ਤੇ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲੱਗਿਆ | ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਮੇਂ 'ਚ ਇਹ ਸੜਕ ਬਣਾਉਣ ਸਮੇਂ ਘਟੀਆ ਕਿਸਮ ਦੇ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਹੈ, ਜਿਸ ਕਰਕੇ ਇਹ ਸੜਕ ਬਣਨ ਤੋਂ 10 ਦਿਨਾਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੋਜ਼ਾਨਾ ਦਾਅਵੇ ਕੀਤੇ ਜਾ ਰਹੇ ਹਨ ਕਿ ਨਵੀਆਂ ਬਣਾਈਆਂ ਜਾ ਰਹੀਆਂ ਸੜਕਾਂ ਦੀ ਜਾਂਚ ਲਈ ਟੀਮਾਂ ਬਣਾਈਆਂ ਹੋਈਆਂ ਹਨ, ਉਨ੍ਹਾਂ ਟੀਮਾਂ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਬਣਾਈਆਂ ਜਾ ਰਹੀਆਂ ਸੜਕਾਂ ਵਿਚ ਵਰਤਿਆ ਜਾ ਰਿਹਾ ਘਟੀਆ ਮੈਟੀਰੀਅਲ ਕਿਉਂ ਨਹੀਂ ਦਿਖਾਈ ਦੇ ਰਿਹਾ? ਭੁੱਟਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਨਿਰਮਾਣ ਕਾਰਜ ਵਿਚ ਕੁਤਾਹੀ ਕਰਨ ਵਾਲੇ ਠੇਕੇਦਾਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਅਜਿਹੇ ਠੇਕੇਦਾਰਾਂ ਨੂੰ ਬਲੈਕ ਲਿਸਟ ਵੀ ਕਰੇ | ਇਸ ਮੌਕੇ 'ਤੇ ਜਸਵੰਤ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ, ਸਤਵਿੰਦਰ ਸਿੰਘ, ਸੁਖਦੇਵ ਸਿੰਘ ਵੀ ਹਾਜ਼ਰ ਸਨ |