ਫ਼ਤਹਿਗੜ੍ਹ ਸਾਹਿਬ, 1 ਜਨਵਰੀ (ਬਲਜਿੰਦਰ ਸਿੰਘ)-ਨਵੇਂ ਸਾਲ ਦੀ ਆਮਦ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਠੰਢਾ ਬੁਰਜ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ | ਇਸ ਮੌਕੇ ਹੱਡ ਚੀਰਵੀਂ ਠੰਢ ਅਤੇ ਹਲਕੀ ਬਾਰਿਸ਼ ਦੇ ਬਾਵਜੂਦ ਅੰਮਿ੍ਤ ਵੇਲੇ ਤੋਂ ਹੀ ਗੁਰੂਘਰ ਵਿਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ | ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਅੰਮਿ੍ਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਕਥਾ ਵਾਚਕ ਨੇ ਨਵੇਂ ਸਾਲ ਦੀ ਆਮਦ ਮੌਕੇ ਗੁਰਮਤਿ ਦੀ ਰੌਸ਼ਨੀ ਵਿਚ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਦੂਜੇ ਪਾਸੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਵੱਖ-ਵੱਖ ਸਿੰਘ ਸਭਾਵਾਂ, ਸੇਵਾ ਸੁਸਾਇਟੀਆਂ, ਗਰਾਮ ਪੰਚਾਇਤਾਂ ਅਤੇ ਸ਼ਰਧਾਲੂਆਂ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਸਮੁੱਚੀਆਂ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਬੇਸ਼ੱਕ ਸਿੱਖ ਧਰਮ ਦੀਆਂ ਰਹੁ-ਰੀਤਾਂ ਅਨੁਸਾਰ ਚੇਤ ਦੇ ਦੇਸੀ ਮਹੀਨੇ ਦੀ ਆਰੰਭਤਾ ਨਾਲ ਨਵੇਂ ਵਰ੍ਹੇ ਦੀ ਸ਼ੁਰੂਆਤ ਹੁੰਦੀ ਹੈ, ਪਰ ਦੁਨਿਆਵੀ ਚਲੰਤ ਮਾਮਲਿਆਂ ਨਾਲ ਸੰਬੰਧਿਤ ਕੈਲੰਡਰ ਅਨੁਸਾਰ ਅੱਜ ਨਵਾਂ ਸਾਲ ਆਰੰਭ ਹੋਇਆ ਹੈ | ਇਸ ਲਈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਮੰਗਣ ਦੇ ਨਾਲ-ਨਾਲ ਵਿਸ਼ਵ ਸ਼ਾਂਤੀ ਦੀ ਕਾਮਨਾ ਵੀ ਕਰਨੀ ਚਾਹੀਦੀ ਹੈ ਇਹੋ ਸਿੱਖ ਦਾ ਧਰਮ ਹੈ | ਇਸ ਮੌਕੇ ਜਥੇਦਾਰ ਰਿਆ ਨੇ ਸੰਗਤਾਂ ਦੀ ਆਮਦ ਦੇ ਮਤੇ ਨਜ਼ਰ ਵੱਖ-ਵੱਖ ਪਕਵਾਨਾਂ ਦੇ ਲੰਗਰ ਲਵਾਉਣ ਵਾਲੀਆਂ ਸੰਸਥਾਵਾਂ, ਸਿੰਘ ਸਭਾਵਾਂ ਅਤੇ ਸ਼ਰਧਾਲੂਆਂ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ | ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਮੀਤ ਮੈਨੇਜਰ ਜਗਜੀਤ ਸਿੰਘ ਜੱਗਾ, ਡਾ. ਪਿ੍ਤਪਾਲ ਸਿੰਘ, ਹਰਮਨਜੀਤ ਸਿੰਘ ਤੇ ਗੁਰਇਕਬਾਲ ਸਿੰਘ ਮਾਨ ਰਿਕਾਰਡ ਕੀਪਰ, ਕੁਲਵਿੰਦਰ ਸਿੰਘ ਚੀਮਾ, ਹਰਜੀਤ ਸਿੰਘ ਅਲੀਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਆਗੂ ਵੀ ਹਾਜ਼ਰ ਸਨ | ਇਸੇ ਦੌਰਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੋਸ਼ਲ ਤੇ ਵੈੱਲਫੇਅਰ ਸੁਸਾਇਟੀ ਨਸਰਾਲੀ ਮੰਡੀ ਗੋਬਿੰਦਗੜ੍ਹ ਵਲੋਂ ਮਾਤਾ ਗੁਜਰੀ ਲੰਗਰ ਦੇ ਸਾਹਮਣੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਵੇਖਦੇ ਹੋਏ ਵੱਖ-ਵੱਖ ਥਾਵਾਂ 'ਤੇ ਪਾਰਕਿੰਗ ਸਥਾਨ ਬਣਾਏ ਗਏ ਸਨ ਤਾਂ ਜੋ ਆਵਾਜਾਈ ਨੂੰ ਨਿਰਵਿਘਨ ਤੇ ਸੁਚਾਰੂ ਰੂਪ ਚਲਾਇਆ ਜਾ ਸਕੇ | ਦੱਸਣਯੋਗ ਹੈ ਹੱਡ ਚੀਰਵੀਂ ਠੰਢ ਦੇ ਮੀਂਹ ਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤਾਂ ਨੰਗੇ ਪੈਰੀਂ ਪੈਦਲ ਹੀ ਗੁਰੂ-ਘਰਾਂ ਵੱਲ ਆ ਰਹੀਆਂ ਸਨ |