ਖਮਾਣੋਂ, 1 ਜਨਵਰੀ (ਮਨਮੋਹਣ ਸਿੰਘ ਕਲੇਰ)-ਸ਼ਹਿਰ ਵਿਖੇ ਸਥਿਤ ਸਬ ਡਿਵੀਜ਼ਨਲ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦਾ ਸਫ਼ਾਈ ਦਾ ਹਾਲ ਬੇਹਾਲ ਹੈ, ਜਿਸ ਕਾਰਨ ਆਮ ਲੋਕਾਂ ਲਈ ਪ੍ਰੇਸ਼ਾਨੀ ਹੋ ਰਹੀ ਹੈ | ਦੱਸ ਦਈਏ ਕਿ ਕੰਪਲੈਕਸ ਦੀ ਸਾਫ ਸਫ਼ਾਈ ਵੱਲ ਕਿਸੇ ਦਾ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਕਿਉਂਕਿ ਇਸ ਅੰਦਰ ਬਣੇ ਬਾਥਰੂਮ ਵਿਚ ਗੰਦਗੀ ਫੈਲੀ ਹੋਈ ਸੀ ਇਮਾਰਤ ਵਿਚ ਥਾਂ-ਥਾਂ ਕੂੜਾ ਕਰਕਟ ਭਰਿਆ ਪਿਆ | ਖਸਤਾ ਹਾਲਤ ਇਮਾਰਤ ਵਿਚ ਕਈ ਜਗ੍ਹਾ ਤਰੇੜਾਂ ਵੀ ਪੈ ਚੁੱਕੀਆਂ ਹਨ ਜੋ ਆਮ ਜਨਤਾ ਦੀ ਜਾਨ ਨੂੰ ਵੀ ਖ਼ਤਰਾ ਹੈ | ਇੱਥੋਂ ਤੱਕ ਕਿ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ਦੇ ਬਾਹਰ ਵਾਲੇ ਪਾਸੇ ਕਈ ਥਾਂ ਘਾਹ ਉੱਗਿਆ ਪਿਆ ਹੈ ਅਤੇ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣ ਵੀ ਗ਼ਾਇਬ ਹਨ, ਜਿਸ ਨਾਲ ਗੰਦਾ ਪਾਣੀ ਲੋਕ ਪੀਣ ਲਈ ਮਜਬੂਰ ਹਨ | ਇਸ ਤੋਂ ਇਲਾਵਾ ਇਸਦੇ ਨਾਲ ਵਾਲੀ ਇੱਕ ਹੋਰ ਸਰਕਾਰੀ ਵਿਭਾਗ ਦੀ ਜਗ੍ਹਾ ਵਿਚ ਝਾੜੀਆਂ ਉੱਗੀਆਂ ਹੋਣ ਕਾਰਣ ਕਿਸੇ ਜਹਰੀਲੇ ਜੀਵ ਜੰਤੂ ਦਾ ਖਤਰਾ ਆਮ ਲੋਕਾਂ ਲਈ ਬਣਿਆ ਹੋਇਆ ਹੈ | ਇੱਥੋਂ ਤੱਕ ਕੁਝ ਨਸ਼ੀਲੇ ਪਦਾਥਰਾਂ ਇੱਥੇ ਆਮ ਬਿਖਰੇ ਦੇਖੇ ਜਾ ਸਕਦੇ ਹਨ | ਇਸ ਸਬੰਧੀ ਜੀਵਨ ਸਿੰਘ, ਹਰਦਮ ਸਿੰਘ, ਜਸਵੀਰ ਸਿੰਘ, ਬਲਦੇਵ ਸਿੰਘ ਆਦਿ ਨੇ ਮੰਗ ਕੀਤੀ ਕਿ ਜਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਆ ਰਹੀਆਂ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਹੱਲ ਕਰੇ ਤਾਂਕਿ ਲੋਕ ਇਸ ਕੰਪਲੈਕਸ ਵਿਚ ਸੁਰੱਖਿਅਤ ਆ ਜਾ ਸਕਣ |