ਖਮਾਣੋਂ, 4 ਜਨਵਰੀ (ਮਨਮੋਹਣ ਸਿੰਘ ਕਲੇਰ)-ਪ੍ਰਵੀਨ ਰਾਣਾ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਨੇ ਕਿਹਾ ਕੇਂਦਰ ਸਰਕਾਰ ਗਰੀਬ ਮਾਰੂ ਫ਼ੈਸਲੇ ਲੈਣੇ ਬੰਦ ਕਰੇ | ਜਿਸ ਨਾਲ ਗ਼ਰੀਬਾਂ ਦੀ ਰੋਜ਼ਮਰਾ ਦੀ ਜ਼ਿੰਦਗੀ 'ਤੇ ਅਸਰ ਪਏ | ਰਾਣਾ ਨੇ ਕਿਹਾ ਮਨਰੇਗਾ ਸਕੀਮ ਵਿਚ ਬਦਲਾਅ ਕਰਨਾ, ਸਿੱਧਾ ਗ਼ਰੀਬਾਂ ਦੇ ਹੱਕਾਂ ਤੇ ਡਾਕਾ ਹੈ | ਉਨ੍ਹਾਂ ਕਿਹਾ ਦੇਸ਼ ਵਿਚ ਬੇਰੁਜ਼ਗਾਰੀ ਦੀ ਬਹੁਤ ਵੱਡੀ ਸਮੱਸਿਆ ਹੈ, ਬੇਰੁਜ਼ਗਾਰੀ ਕਾਰਨ ਹੀ ਲੁੱਟਾਂ ਖੋਹਾਂ, ਡਾਕੇ, ਚੋਰੀਆਂ ਅਤੇ ਠੱਗੀਆਂ ਵਿਚ ਵਾਧਾ ਹੁੰਦਾ ਹੈ | ਜਿਸ ਨੂੰ ਘੱਟ ਕਰਨ ਵਿਚ ਮਨਰੇਗਾ ਦਾ ਬਹੁਤ ਵੱਡਾ ਯੋਗਦਾਨ ਹੈ | ਕੇਂਦਰ ਸਰਕਾਰ ਨੇ ਮਨਰੇਗਾ ਦੀ ਦਿਹਾੜੀ ਵਧਾ ਕੇ ਨਵੇਂ ਸਾਲ ਦਾ ਤੋਹਫ਼ਾ ਤਾਂ ਕੀ ਦੇਣਾ ਸੀ ਸਗੋਂ ਮਨਰੇਗਾ ਸਕੀਮ 'ਚ ਤਬਦੀਲੀ ਕਰਕੇ ਗ਼ਰੀਬਾਂ ਦੇ ਹੱਕ ਮਾਰਨ ਦੀ ਕੋਸ਼ਿਸ਼ ਕੀਤੀ ਹੈ | ਰਾਣਾ ਨੇ ਕਿਹਾ ਕਿ ਜੇਕਰ ਕਟੌਤੀ ਹੀ ਕਰਨੀ ਹੈ ਤਾਂ ਕੇਂਦਰ ਸਰਕਾਰ ਉਨ੍ਹਾਂ ਬੜੇ ਮਗਰ-ਮੱਛਾਂ ਸਰਮਾਏਦਾਰਾਂ ਨੂੰ ਸਬਸਿਡੀਆਂ ਸਹੂਲਤਾਂ ਦੇਣੀਆਂ ਬੰਦ ਕਰੇ, ਲੋਨ ਮੁਆਫ਼ ਕਰਨੇ ਬੰਦ ਕਰੇ | ਗ਼ਰੀਬ ਲੋਕਾਂ ਨਾਲ ਇਹ ਮਜ਼ਾਕ ਕਿਉਂ ਜਿਹੜੇ ਮਨਰੇਗਾ ਵਿਚ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਆਪਣਾ ਪਰਿਵਾਰ ਪਾਲਦੇ ਹਨ | ਰਾਣਾ ਨੇ ਕਿਹਾ ਕੇਂਦਰ ਸਰਕਾਰ ਨੂੰ ਇਸ ਲੋਕ ਮਾਰੂ ਫ਼ੈਸਲੇ 'ਤੇ ਫਿਰ ਤੋਂ ਗੌਰ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਮਾਰੂ ਫ਼ੈਸਲੇ ਖਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਨਾ ਹੋਣਾ ਪਵੇ |