ਬਸੀ ਪਠਾਣਾਂ, 23 ਜਨਵਰੀ (ਐਚ.ਐਸ. ਗੌਤਮ)-ਮੌਸਮ ਵਿਭਾਗ ਵਲੋਂ ਪਹਿਲਾਂ ਤੋਂ ਹੀ ਕੀਤੀ ਗਈ ਭਵਿੱਖਬਾਣੀ ਅਨੁਸਾਰ ਬੀਤੀ ਰਾਤ ਤੋਂ ਹੀ ਪੰਜਾਬ ਦੇ ਹੋਰਨਾਂ ਹਿੱਸਿਆਂ ਵਾਂਗ ਸ਼ਹਿਰ ਬਸੀ ਪਠਾਣਾਂ ਵਿਚ ਵੀ ਬਾਰਸ਼ ਲਗਾਤਾਰ ਜਾਰੀ ਹੈ | ਅੱਜ ਬਸੰਤ ਪੰਚਮੀ ਦਾ ਦਿਨ ਹੋਣ ਕਾਰਨ ਜਿੱਥੇ ਵੱਡੀ ਪਤੰਗਬਾਜ਼ੀ ਹੋਣ ਦੀ ਸੰਭਾਵਨਾ ਸੀ | ਬਾਰਸ਼ ਦੇ ਚੱਲਦਿਆਂ ਫ਼ਿਲਹਾਲ ਉਸ 'ਤੇ ਰੋਕ ਲੱਗੀ ਰਹੀ | ਮੌਸਮ ਵਿਭਾਗ ਵਲੋਂ ਬਾਰਸ਼ ਦੇ ਨਾਲ-ਨਾਲ ਆਉਣ ਵਾਲੇ ਦੋ ਦਿਨਾਂ ਵਿਚ ਭਾਰੀ ਮੀਂਹ ਅਤੇ ਗੜੇਮਾਰੀ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ | ਜਨਵਰੀ ਮਹੀਨੇ ਦੇ ਅਖੀਰਲੇ ਪੜਾਅ ਵਿਚ ਬੇਸ਼ੱਕ ਲੋਕਾਂ ਨੂੰ ਸੀਤ ਲਹਿਰ ਤੋਂ ਛੁਟਕਾਰਾ ਮਿਲਿਆ ਹੈ ਪਰ ਬਾਰਸ਼ ਅਤੇ ਸੰਭਾਵਿਤ ਗੜੇਮਾਰੀ ਦੇ ਕਾਰਨ ਠੰਢ ਅਤੇ ਧੁੰਦ ਦੇ ਦਿਨਾਂ ਦਾ ਇਕ ਵਾਰ ਫਿਰ ਤੋਂ ਆਗਾਜ਼ ਹੋ ਸਕਦਾ ਹੈ | ਇਸ ਬਾਰਸ਼ ਨੂੰ ਫ਼ਸਲਾਂ ਵਾਸਤੇ ਲਾਭਦਾਇਕ ਦੱਸਿਆ ਜਾ ਰਿਹਾ ਹੈ ਕਿਉਂਕਿ ਫ਼ਸਲਾਂ 'ਤੇ ਪਿਛਲੇ ਦਿਨ ਪਈ ਧੁੰਦ ਅਤੇ ਕੋਹਰੇ ਦਾ ਅਸਰ ਵੇਖਿਆ ਜਾ ਰਿਹਾ ਸੀ | ਅੱਜ ਬਸੰਤ ਪੰਚਮੀ ਦਾ ਦਿਨ ਹੋਣ ਕਾਰਨ ਪਤੰਗਬਾਜ਼ੀ ਕਰਨ ਦੇ ਸ਼ੌਕੀ ਬਾਰਸ਼ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਸਨ |