ਅਮਲੋਹ, 23 ਜਨਵਰੀ (ਅੰਮਿ੍ਤ ਸਿੰਘ ਸ਼ੇਰਗਿੱਲ)-ਅੱਜ ਬਸੰਤ ਪੰਚਮੀ ਵਾਲੇ ਦਿਨ ਪੰਜਾਬ ਦੇ ਬਹੁਤੇ ਹਿੱਸਿਆਂ 'ਚ ਹੋਈ ਬਰਸਾਤ ਨੇ ਜਿੱਥੇ ਪਤੰਗਬਾਜ਼ਾਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਹੈ, ਉੱਥੇ ਇਸ ਬਰਸਾਤ ਨਾਲ ਨਾ ਸਿਰਫ਼ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ, ਸਗੋਂ ਖੇਤੀ ਖੇਤਰ ਲਈ ਵੀ ਇਹ ਬਰਸਾਤ ਸੋਨੇ 'ਤੇ ਸੁਹਾਗੇ ਦਾ ਕੰਮ ਕਰੇਗੀ | ਵਰਨਣਯੋਗ ਹੈ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਖ਼ੁਸ਼ਕ ਮੌਸਮ ਹਾੜ੍ਹੀ ਦੀਆਂ ਫ਼ਸਲਾਂ ਲਈ ਸਹੀ ਨਹੀਂ ਸੀ | ਪਿਛਲੇ ਹਫ਼ਤੇ ਪੰਜਾਬ ਵਿਚ ਇਕ ਦਮ ਵਧੇ ਤਾਪਮਾਨ ਨੇ ਕਣਕ ਉਤਪਾਦਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਸੀ, ਕਿਉਂਕਿ ਦਿਨ ਦਾ ਤਾਪਮਾਨ ਆਮ ਨਾਲੋਂ 4-5 ਡਿਗਰੀ ਵੱਧ ਭਾਵ 23-24 ਡਿਗਰੀ ਤੱਕ ਪਹੁੰਚ ਗਿਆ ਸੀ | ਜਿਸ ਦਾ ਖੇਤੀ ਮਾਹਿਰਾਂ ਅਨੁਸਾਰ ਕਣਕ ਦੇ ਝਾੜ 'ਤੇ ਬਹੁਤ ਮਾਰੂ ਅਸਰ ਪੈਣ ਦੀ ਸੰਭਾਵਨਾ ਬਣ ਗਈ ਸੀ | ਕਿਸਾਨਾਂ ਅਨੁਸਾਰ ਇਹ ਮੀਂਹ ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਲਈ ਹੀ ਲਾਹੇਵੰਦ ਹੈ, ਪਰ ਇਸ ਦੇ ਨਾਲ ਹੀ ਕੁਝ ਕਿਸਾਨਾਂ ਦੇ ਮਨਾਂ ਵਿਚ ਕੁਝ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ, ਕਿਉਂਕਿ ਉਨ੍ਹਾਂ ਅਨੁਸਾਰ ਜੇਕਰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਦੀਆਂ ਹਨ, ਤਾਂ ਖੇਤਾਂ ਵਿਚ ਕਣਕ ਦੇ ਡਿੱਗਣ-ਢਹਿਣ ਦਾ ਖ਼ਤਰਾ ਹੋ ਸਕਦਾ ਹੈ | ਇਸ ਦੇ ਨਾਲ ਹੀ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕੁਝ ਕਿਸਾਨ ਇਸ ਮੀਂਹ ਤੋਂ ਕਾਫ਼ੀ ਚਿੰਤਤ ਵੀ ਨਜ਼ਰ ਆ ਰਹੇ ਹਨ | ਪਿੰਡ ਰੈਸਲ ਦੇ ਕਿਸਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਆਲੂਆਂ ਦੀ ਪੁਟਾਈ ਸ਼ੁਰੂ ਹੋ ਚੁੱਕੀ ਸੀ, ਜੋ ਹੁਣ ਇਸ ਬਰਸਾਤ ਕਾਰਨ ਕਈ ਖੇਤਰਾਂ ਵਿਚ ਅੱਠ-ਦਸ ਦਿਨਾਂ ਤੱਕ ਰੁਕ ਜਾਵੇਗੀ ਅਤੇ ਇਸ ਦਾ ਸਿੱਧਾ ਅਸਰ ਅਗਲੀਆਂ ਫ਼ਸਲਾਂ ਦੀ ਬਿਜਾਈ 'ਤੇ ਪਵੇਗਾ | ਇਸੇ ਤਰ੍ਹਾਂ ਪਿੰਡ ਕੌਲਗੜ੍ਹ ਦੇ ਕਿਸਾਨ ਪਰਮਵੀਰ ਸਿੰਘ ਮਾਂਗਟ ਨੇ ਦੱਸਿਆ ਕਿ ਆਲੂਆਂ ਦਾ ਕੰਮ ਰੁਕਣ ਕਾਰਨ ਹੁਣ ਇਨ੍ਹਾਂ ਦੀ ਪੁਟਾਈ ਦਾ ਕੰਮ ਇਕੱਠਾ ਹੋ ਜਾਵੇਗਾ, ਜਿਸ ਕਾਰਨ ਪਹਿਲਾਂ ਤੋਂ ਹੀ ਮਜ਼ਦੂਰਾਂ ਦੀ ਚੱਲ ਰਹੀ ਕਿੱਲਤ ਹੁਣ ਹੋਰ ਵੀ ਜ਼ਿਆਦਾ ਵੱਧ ਜਾਵੇਗੀ | ਭਾਵੇਂ ਖੇਤੀ ਖੇਤਰ ਤੇ ਇਸ ਬਰਸਾਤ ਦਾ ਮਿਲਿਆ ਜੁਲਿਆ ਅਸਰ ਪਵੇਗਾ, ਪਰ ਲੰਬੇ ਸਮੇਂ ਤੋਂ ਚੱਲ ਰਹੇ ਖ਼ੁਸ਼ਕ ਮੌਸਮ ਕਾਰਨ ਹਵਾ ਵਿਚ ਧੂੜ ਅਤੇ ਪ੍ਰਦੂਸ਼ਣ ਦਾ ਜੋ ਗ਼ੁਬਾਰ ਬਣਿਆ ਹੋਇਆ ਸੀ, ਇਸ ਬਰਸਾਤ ਨਾਲ ਉਸ ਤੋਂ ਵੱਡੀ ਰਾਹਤ ਮਿਲੇਗੀ |