ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਬਲਜਿੰਦਰ ਸਿੰਘ)-ਡੈਮੋਕਰੇਟਿਕ ਮਨਰੇਗਾ ਫ਼ਰੰਟ ਪੰਜਾਬ ਵਲੋਂ 26 ਜਨਵਰੀ ਨੂੰ ਦਾਣਾ ਮੰਡੀ ਪਟਿਆਲਾ ਵਿਖੇ ਮਨਰੇਗਾ ਖ਼ਤਮ ਕਰਕੇ ਨਵਾਂ ਕਾਨੂੰਨ ਬਣਾਉਣ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੈਮੋਕਰੇਟਿਕ ਮਨਰੇਗਾ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਭੰਗੂਆਂ, ਜਨਰਲ ਸਕੱਤਰ ਸੁਰਿੰਦਰ ਕੌਰ ਅਤੇ ਮਲਕੀਤ ਸਿੰਘ ਮੀਰਪੁਰ ਪ੍ਰਧਾਨ ਬਲਾਕ ਖਮਾਣੋਂ ਨੇ ਅੱਜ ਸੰਘਰਸ਼ ਪ੍ਰੋਗ੍ਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖਾਨਪੁਰ, ਬੇਲਾ, ਲੋਹਾ ਖੇੜੀ ਤੇ ਉੱਚਾ ਪਿੰਡ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਮਨਦੀਪ ਕੌਰ ਨੂਰਪੁਰਾ, ਹੰਸਰਾਜ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਕੌਰ ਬਲ੍ਹਾੜੀ ਕਲਾਂ, ਮਨਜੀਤ ਕੌਰ ਸਿੱਲ ਕੱਪੜਾ, ਰਿੰਪੀ ਸਲੇਮਪੁਰ, ਰੇਖਾ ਰਾਣੀ ਅਤੇ ਮਨਪ੍ਰੀਤ ਕੌਰ ਰਾਜਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ 'ਵੀ.ਬੀ.ਜੀ ਰਾਮ ਜੀ' ਬਣਾ ਕੇ ਗ਼ਰੀਬ ਲੋਕਾਂ ਦੇ ਰਿਜ਼ਕ 'ਤੇ ਵੱਡਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਰਾਜਾਂ ਦੇ ਅਧਿਕਾਰਾਂ ਨੂੰ ਖੋਹ ਰਹੀ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਵਿਚ ਰਾਜਾਂ ਦਾ ਹਿੱਸਾ 10 ਤੋਂ ਵਧਾ ਕੇ 40 ਫ਼ੀਸਦੀ ਕਰਕੇ ਫੈਡਰਲਿਜ਼ਮ ਨੂੰ ਵੱਡੀ ਸੱਟ ਮਾਰੀ ਹੈ ਅਤੇ ਗ੍ਰਾਮ ਸਭਾਵਾਂ ਦੇ ਹੱਕਾਂ ਨੂੰ ਖੋਹ ਕੇ ਲੋਕਤੰਤਰ ਦਾ ਵੱਡਾ ਘਾਣ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਦੇਸ਼ ਦੇ ਹਰ ਮਜ਼ਦੂਰ ਨੂੰ 100 ਦਿਨ ਦੇ ਰੁਜ਼ਗਾਰ ਦਾ ਕਾਨੂੰਨੀ ਹੱਕ ਦਿੰਦਾ ਹੈ | ਨਵੇਂ ਕਾਨੂੰਨ ਨੇ ਇਹ ਹੱਕ ਮਜ਼ਦੂਰਾਂ ਤੋਂ ਖੋਹ ਲਿਆ ਹੈ | ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਮੰਗ ਕੀਤੀ ਕਿ ਵੀ.ਬੀ.ਜੀ ਰਾਮ ਜੀ ਨੂੰ ਤੁਰੰਤ ਕੇਂਦਰ ਸਰਕਾਰ ਵਾਪਸ ਲਵੇ | ਇਸ ਮੌਕੇ ਆਗੂਆਂ ਨੇ ਸਾਰੇ ਮਨਰੇਗਾ ਵਰਕਰਾਂ ਨੂੰ ਪਰਿਵਾਰਾਂ ਸਮੇਤ 26 ਜਨਵਰੀ ਨੂੰ ਦਾਣਾ ਮੰਡੀ ਪਟਿਆਲਾ ਵਿਖੇ ਪਹੁੰਚਣ ਦੀ ਜ਼ੋਰਦਾਰ ਅਪੀਲ ਵੀ ਕੀਤੀ |