ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਬਲਜਿੰਦਰ ਸਿੰਘ)-ਭਾਰਤ ਮਾਲਾ ਪ੍ਰੋਜੈਕਟ ਤਹਿਤ ਨਵੇਂ ਉਸਾਰੇ ਜਾ ਰਹੇ ਕੌਮੀ ਰਾਜ ਮਾਰਗ 205-ਏ ਉੱਪਰ ਪਿੰਡ ਰਾਮਪੁਰ ਵਿਖੇ ਕੱਟ ਨਾ ਛੱਡੇ ਜਾਣ ਅਤੇ ਪ੍ਰੋਜੈਕਟ ਨਾਲ ਸਬੰਧਿਤ ਹੋਰ ਮਸਲਿਆਂ ਦੇ ਹੱਲ ਲਈ ਗ੍ਰਾਮ ਪੰਚਾਇਤ ਤੇ ਹੋਰ ਇਲਾਕੇ ਦੀਆਂ ਪੰਚਾਇਤਾਂ ਵਲੋਂ ਸਾਂਝਾ ਮੰਗ ਪੱਤਰ ਅੱਜ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਨਾਂਅ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਰਾਜਸੀ ਤਾਲਮੇਲ ਕਮੇਟੀ ਦੇ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸੌਂਪ ਕੇ ਮਸਲੇ ਦਾ ਹੱਲ ਕਰਵਾਉਣ ਦੀ ਅਪੀਲ ਕੀਤੀ ਗਈ | ਦੱਸਣਯੋਗ ਹੈ ਕਿ ਪਿੰਡ ਰਾਮਪੁਰ ਵਿਖੇ ਇਲਾਕਾ ਨਿਵਾਸੀਆਂ ਵਲੋਂ ਨਵੇਂ ਉਸਾਰੇ ਜਾ ਰਹੇ ਕੌਮੀ ਰਾਜ ਮਾਰਗ 205-ਏ ਉੱਪਰ ਪਿੰਡ ਰਾਮਪੁਰ ਵਿਖੇ ਕੱਟ ਨਾ ਛੱਡੇ ਜਾਣ ਦੇ ਰੋਸ ਵਜੋਂ ਪਿਛਲੇ ਕਈ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ, ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ | ਇਸ ਮੌਕੇ ਪ੍ਰੋਫ਼ੈਸਰ ਚੰਦੂਮਾਜਰਾ ਨੇ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਪ੍ਰਤੀਨਿਧੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੱਕ ਇਹ ਮਾਮਲਾ ਪਹੁੰਚਾ ਕੇ ਉਸ ਦਾ ਹੱਲ ਜ਼ਰੂਰ ਕਰਵਾਉਣਗੇ | ਉਨ੍ਹਾਂ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਵੇਂ ਉਸਾਰੇ ਜਾ ਰਹੇ ਕੌਮੀ ਰਾਜ ਮਾਰਗ ਕਾਰਨ ਪਹਿਲਾਂ ਹੀ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੀ ਬਣਦੀ ਕੀਮਤ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਹੁਣ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਢੁੱਕਵੀਆਂ ਥਾਵਾਂ 'ਤੇ ਕੱਟ ਨਾ ਛੱਡੇ ਜਾਣ ਕਾਰਨ ਲੋਕਾਂ ਵਿਚ ਰੋਹ ਦੀ ਲਹਿਰ ਪੈਦਾ ਹੋ ਰਹੀ ਹੈ, ਜਦੋਂਕਿ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਇਲਾਕਾ ਵਾਸੀਆਂ ਦੀ ਜਾਇਜ਼ ਮੰਗ ਨੂੰ ਬਿਨਾਂ ਕਿਸੇ ਸ਼ਰਤ ਤੋਂ ਪਹਿਲਾਂ ਹੀ ਪੂਰਾ ਕੀਤਾ ਜਾਣਾ ਚਾਹੀਦਾ ਸੀ, ਕਿਉਂਕਿ ਜੇਕਰ ਕੌਮੀ ਰਾਜ ਮਾਰਗ 'ਤੇ ਇਲਾਕੇ ਦੇ ਪਿੰਡਾਂ ਨੂੰ ਕੱਟ ਨਹੀਂ ਮਿਲਦਾ ਤਾਂ ਕਿਸਾਨਾਂ, ਆਮ ਨਾਗਰਿਕਾਂ, ਸਕੂਲੀ ਬੱਚਿਆਂ ਅਤੇ ਐਮਰਜੈਂਸੀ ਸੇਵਾਵਾਂ ਲਈ ਪ੍ਰੇਸ਼ਾਨੀ ਪੈਦਾ ਹੋਵੇਗੀ | ਉਨ੍ਹਾਂ ਕਿਹਾ ਕਿ ਸੜਕਾਂ ਦਾ ਨਿਰਮਾਣ ਆਵਾਜਾਈ ਨੂੰ ਸੁਖਾਲਾ ਅਤੇ ਲੋਕਾਂ ਦੀ ਸਹੂਲਤ ਲਈ ਕਰਵਾਇਆ ਜਾਂਦਾ ਹੈ ਨਾ ਕਿ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵਧਾਉਣ ਵਾਸਤੇ | ਇਸ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਲੋਕਾਂ ਦੀ ਮੰਗ ਅਨੁਸਾਰ ਕੌਮੀ ਰਾਜ ਮਾਰਗ 'ਤੇ ਕੱਟ ਜ਼ਰੂਰ ਛੱਡਣਾ ਚਾਹੀਦਾ ਹੈ | ਉਨ੍ਹਾਂ ਪੰਚਾਇਤਾਂ ਦੇ ਵਫ਼ਦ ਨੂੰ ਇਹ ਮਾਮਲਾ ਕੇਂਦਰੀ ਆਵਾਜਾਈ ਮੰਤਰੀ ਕੋਲ ਉਠਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਗ੍ਰਾਮ ਪੰਚਾਇਤ ਪਿੰਡ ਰਾਮਪੁਰ ਦੇ ਸਰਪੰਚ ਦਵਿੰਦਰ ਸਿੰਘ, ਪੰਚ ਕਰਮ ਸਿੰਘ, ਜਸਵਿੰਦਰ ਸਿੰਘ, ਸਤਵਿੰਦਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਿੰਗ ਕਮੇਟੀ ਮੈਂਬਰ ਰਣਬੀਰ ਸਿੰਘ ਪੂਨੀਆ, ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣਮਾਜਰਾ, ਸਾਬਕਾ ਕੌਂਸਲ ਪ੍ਰਧਾਨ ਸ਼ੇਰ ਸਿੰਘ, ਦਰਬਾਰਾ ਸਿੰਘ ਰੰਧਾਵਾ, ਸੁਰਿੰਦਰ ਸਿੰਘ ਸੁਹਾਗਹੇੜੀ, ਗੁਰਦੇਵ ਸਿੰਘ ਵਿਰਕ ਵੀ ਹਾਜ਼ਰ ਸਨ |