ਮੰਡੀ ਗੋਬਿੰਦਗੜ੍ਹ, 2 ਫਰਵਰੀ (ਇਕਬਾਲਦੀਪ ਸੰਧੂ)-ਜ਼ਿਲ੍ਹਾ ਭਾਜਪਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਨੇ ਕੇਂਦਰੀ ਬਜਟ ਦਾ ਸਵਾਗਤ ਕੀਤਾ, ਇਸ ਨੰੂ ਲੋਕ-ਪੱਖੀ ਅਤੇ ਵਿਕਸਤ ਭਾਰਤ ਦੇ ਵਿਜ਼ਨ 2047 ਵੱਲ ਇਕ ਵੱਡਾ ਕਦਮ ਦੱਸਿਆ | ਪਦਮ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ 1 ਫਰਵਰੀ, 2026 ਨੂੰ ਲਗਾਤਾਰ ਨੌਵੀਂ ਵਾਰ ਕੇਂਦਰੀ ਬਜਟ 2026-27 ਪੇਸ਼ ਕੀਤਾ ਹੈ | ਭਾਰਤੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਬਜਟ ਐਤਵਾਰ ਨੂੰ ਪੇਸ਼ ਕੀਤਾ ਗਿਆ ਹੈ | ਕੇਂਦਰੀ ਬਜਟ ਵਿਚ ਸਰਕਾਰ 1 ਅਪ੍ਰੈਲ, 2026 ਤੋਂ ਇਕ ਨਵਾਂ ਆਮਦਨ ਟੈਕਸ ਐਕਟ ਲਾਗੂ ਕਰੇਗੀ, ਜਿਸ ਦਾ ਉਦੇਸ਼ ਨਿਯਮਾਂ ਨੂੰ ਸਰਲ ਬਣਾਉਣਾ ਅਤੇ ਵਿਵਾਦਾਂ ਨੂੰ ਘਟਾਉਣਾ ਹੈ, ਜਦੋਂ ਕਿ ਮੌਜੂਦਾ ਆਮਦਨ ਟੈਕਸ ਸਲੈਬਾਂ ਵਿਚ ਕੋਈ ਬਦਲਾਅ ਨਹੀਂ ਹੈ | ਪਦਮ ਨੇ ਕਿਹਾ ਕਿ ਭਾਰਤ ਨੂੰ 'ਗਲੋਬਲ ਬਾਇਓ-ਫਾਰਮਾਸਿਊਟੀਕਲ ਹੱਬ' ਬਣਾਉਣ ਲਈ 10,000 ਕਰੋੜ ਦੀ ਵੰਡ ਕੀਤੀ ਗਈ ਹੈ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਲਈ 63,500 ਕਰੋੜ ਅਲਾਟ ਕੀਤੇ ਗਏ ਹਨ, ਅਤੇ ਕਿਸਾਨਾਂ ਲਈ ਬਹੁ-ਭਾਸ਼ਾਈ ਏ.ਆਈ. ਟੂਲ 'ਭਾਰਤ-ਵਿਸਤਾਰ' ਦਾ ਵੀ ਐਲਾਨ ਕੀਤਾ ਗਿਆ ਹੈ | ਪਦਮ ਨੇ ਕਿਹਾ ਕਿ ਇਹ ਬਜਟ ਪ੍ਰਧਾਨ ਮੰਤਰੀ ਮੋਦੀ ਦੇ ਗ਼ਰੀਬ ਅਤੇ ਪੇਂਡੂ ਭਾਰਤ ਨੂੰ ਦੇਸ਼ ਦੇ ਵਿਕਾਸ ਦੀ ਮੁੱਖ ਧਾਰਾ ਵਿਚ ਲਿਆਉਣ ਦੇ ਪ੍ਰਬੰਧਾਂ ਅਤੇ ਵਿੱਤ ਮੰਤਰੀ ਦੀ ਆਰਥਿਕ ਦੂਰ-ਦਰਸ਼ਤਾ ਦਾ ਨਤੀਜਾ ਹੈ | ਪਦਮ ਨੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੂੰ ਵਿਕਾਸ-ਮੁਖੀ ਅਤੇ ਸਰਵੋਤਮ-ਦਰਜੇ ਦਾ ਬਜਟ ਪੇਸ਼ ਕਰਨ ਲਈ ਵਧਾਈ ਦਿੱਤੀ, ਕਿਉਂਕਿ ਇਹ ਬਜਟ ਭਾਰਤ ਨੂੰ ਦੁਨੀਆ ਦੀ ਆਰਥਿਕ ਰਾਜਧਾਨੀ ਬਣਾਉਣ ਦਾ ਰਾਹ ਪੱਧਰਾ ਕਰੇਗਾ | ਇਸ ਮੌਕੇ 'ਤੇ ਰਾਜੇਸ਼ ਧਵਨ, ਮਨੋਜ ਧਵਨ, ਸਾਹਿਲ ਬਾਂਸਲ, ਅਭਿਸ਼ੇਕ ਧਵਨ, ਅਭਿਸ਼ੇਕ ਪਾਠਕ, ਸੁਰਿੰਦਰ ਧਵਨ, ਸੰਦੀਪ ਤਿਵਾੜੀ, ਵਿਕਰਮ ਸਿੰਘ, ਸੁਸ਼ੀਲ ਵਿਸ਼ਵਕਰਮਾ, ਅਰਵਿੰਦ ਵਿਸ਼ਵਕਰਮਾ, ਰਾਕੇਸ਼ ਕੁਮਾਰ, ਪਰਵੀਨ ਕੌਹੜਾ, ਮੁਕੇਸ਼ ਕੁਮਾਰ, ਸਚਿਨ ਸਿੰਘ ਸਿੰਗਲਾ, ਰਾਮਜੀਤ ਸਿੰਘ ਸਿੰਗਲਾ, ਰਾਮਜੀਤ ਸਿੰਘ, ਮੋਹਿਤ ਸਿੰਘ, ਗੁਰਮਨ ਢੀਂਡਸਾ, ਰਾਜ ਖੁੱਲਰ ਆਦਿ ਨੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਨਾਲ ਬਜਟ ਦਾ ਸਿੱਧਾ ਪ੍ਰਸਾਰਣ ਦੇਖਿਆ |