ਫ਼ਤਹਿਗੜ੍ਹ ਸਾਹਿਬ, 3 ਫਰਵਰੀ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸਤਬੀਰ ਸਿੰਘ ਗਡਹੇੜਾ ਨੇ ਕਿਹਾ ਕਿ ਇਸ ਵਾਰ ਦਾ ਕੇਂਦਰੀ ਬਜਟ ਵੀ ਕਿਸਾਨਾਂ ਅਤੇ ਪੰਜਾਬੀਆਂ ਲਈ ਨਿਰਾਸ਼ਾਜਨਕ ਰਿਹਾ ਹੈ, ਕਿਉਂਕਿ ਬਜਟ ਵਿਚ ਕਿਸਾਨਾਂ ਲਈ ਕੁਝ ਖ਼ਾਸ ਨਹੀਂ ਰੱਖਿਆ ਗਿਆ | ਜਦੋਂਕਿ ਕਿਸਾਨੀ ਬਹੁਤ ਬੁਰੇ ਦੌਰ 'ਚੋਂ ਲੰਘ ਰਹੀ ਹੈ, ਫ਼ਸਲਾਂ ਹਰ ਸਾਲ ਮਰ ਰਹੀਆਂ ਹਨ ਅਤੇ ਕਿਸਾਨ ਕਰਜ਼ੇ ਦੀ ਵੱਡੀ ਮਾਰ ਹੇਠ ਆ ਰਹੇ ਹਨ | ਗਡਹੇੜਾ ਨੇ ਕਿਹਾ ਕਿ ਜਦੋਂ 5 ਜਨਵਰੀ 2022 ਨੂੰ ਕਿਸਾਨਾਂ ਨੇ ਮੋਦੀ ਫੇਰੀ ਦਾ ਵਿਰੋਧ ਕੀਤਾ ਸੀ ਤਾਂ ਭਾਜਪਾ ਵਾਲਿਆਂ ਨੇ ਬਹੁਤ ਵੱਡਾ ਹੱਲਾ ਮਚਾਇਆ ਸੀ ਕਿ ਮੋਦੀ ਨੇ ਪੰਜਾਬ ਨੂੰ ਬਹੁਤ ਕੁਝ ਦੇ ਕੇ ਜਾਣਾ ਸੀ, ਜੋ ਕਿਸਾਨਾਂ ਦੇ ਵਿਰੋਧ ਕਾਰਨ ਨਹੀਂ ਦਿੱਤਾ ਜਾ ਸਕਿਆ | ਪਰ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੇ ਪੰਜਾਬੀਆਂ ਤੇ ਕਿਸਾਨਾਂ ਨੂੰ ਨਿਰਾਸ਼ ਕੀਤਾ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਲਈ ਕੋਈ ਵੱਡਾ ਐਲਾਨ ਨਹੀਂ ਕਰ ਸਕੇ ਅਤੇ ਇਸ ਗੱਲ ਨੇ ਪੰਜਾਬੀਆਂ ਤੇ ਕਿਸਾਨਾਂ ਵਿਚ ਨਿਰਾਸ਼ਤਾ ਪੈਦਾ ਕਰ ਦਿੱਤੀ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਕਿਸਾਨੀ ਕਰਜ਼ੇ ਮੁਆਫ਼ ਕਰਨ ਅਤੇ ਖੇਤੀ ਲਾਗਤ ਮੁੱਲ ਨੂੰ ਘਟਾਉਣ ਦੀ ਮੰਗ ਵੀ ਕੀਤੀ |