ਸੰਘੋਲ, 6 ਫਰਵਰੀ (ਪਰਮਵੀਰ ਸਿੰਘ ਧਨੋਆ)-ਪਿੰਡ ਕੋਟਲਾ ਅਜਨੇਰ ਨਿਵਾਸੀ ਬਾਂਦਰਾਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਬਾਂਦਰ ਪਿੰਡ 'ਚ ਆਏ ਸਨ, ਜਿਨ੍ਹਾਂ ਵਲੋਂ ਵਾਸੀਆਂ ਦਾ ਜਿਊਣਾ ਦੁੱਭਰ ਕਰ ਦਿੱਤਾ ਗਿਆ ਹੈ | ਬਾਂਦਰ ਜਿੱਥੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ 'ਤੇ ਹਮਲਾਵਰ ਹੁੰਦੇ ਹਨ, ਉੱਥੇ ਹੀ ਘਰੋਂ ਬਾਹਰ ਪਏ ਕੱਪੜੇ ਫਾੜ ਦਿੰਦੇ ਹਨ | ਹਾਲਾਤ ਇਹ ਹਨ ਕਿ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਖ਼ਤਰੇ ਭਰਿਆ ਕਾਰਜ ਬਣ ਗਿਆ ਹੈ | ਇਸ ਤੋਂ ਇਲਾਵਾ ਰਾਹਗੀਰਾਂ ਲਈ ਵੀ ਬਾਂਦਰ ਪ੍ਰੇਸ਼ਾਨੀ ਦਾ ਸਬੱਬ ਸਾਬਤ ਹੋ ਰਹੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਦਰਪੇਸ਼ ਮੁਸ਼ਕਿਲ ਬਾਰੇ ਸਿਕੰਦਰ ਸਿੰਘ, ਬੂਟਾ ਸਿੰਘ, ਮਹੇਸ਼ ਕਾਲੀਆਂ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ, ਸੰਪੂਰਨ ਸਿੰਘ, ਸੁਖਬੀਰ ਸਿੰਘ, ਅਮਨਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਰਣਜੀਤ ਕੌਰ, ਮਨਜੀਤ ਕੌਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਕੌਰ, ਗੁਰਮੀਤ ਕੌਰ ਆਦਿ ਦੇ ਹਸਤਾਖਰਾਂ ਹੇਠ ਬੀਤੇ ਦਸੰਬਰ ਮਹੀਨੇ 'ਚ ਐਸ.ਡੀ.ਐਮ. ਖਮਾਣੋਂ ਦੇ ਨਾਂਅ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਬਾਰੇ ਪੱਤਰ ਦਿੱਤਾ ਗਿਆ ਸੀ | ਜਿਸ ਨੂੰ ਅਧਿਕਾਰੀ ਵਲੋਂ ਬੀ.ਡੀ.ਪੀ.ਓ. ਖਮਾਣੋਂ ਨੂੰ ਕਾਰਵਾਈ ਲਈ ਭੇਜਿਆ ਗਿਆ ਹੈ | ਉਪਰੰਤ ਪ੍ਰੇਸ਼ਾਨੀ ਦਾ ਨਿਪਟਾਰਾ ਨਾ ਹੁੰਦਾ ਵੇਖ ਜਨਵਰੀ ਮਹੀਨੇ 'ਚ ਮੁੱਖ ਮੰਤਰੀ ਨੂੰ ਈ-ਮੇਲ ਰਾਹੀਂ ਪੱਤਰ ਭੇਜਿਆ ਗਿਆ, ਪਰ ਕਾਰਵਾਈ ਫ਼ਿਲਹਾਲ ਸਰਕਾਰੀ ਫਾਈਲਾਂ ਤੱਕ ਹੀ ਸੀਮਤ ਹੈ | ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਅਧਿਕਾਰੀਆਂ ਤੋਂ ਦਰਪੇਸ਼ ਪ੍ਰੇਸ਼ਾਨੀ ਤੋਂ ਜਲਦ ਛੁਟਕਾਰਾ ਦਿਵਾਏ ਜਾਣ ਦੀ ਮੰਗ ਕੀਤੀ ਹੈ | ਮਾਮਲੇ ਬਾਰੇ ਬੀ.ਡੀ.ਪੀ.ਓ. ਖਮਾਣੋਂ ਵੀਨਾ ਰਾਣੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਵਣ ਵਿਭਾਗ ਨੂੰ ਕਾਰਵਾਈ ਲਈ ਪੱਤਰ ਲਿਖਣਗੇ |