ਮੰਡੀ ਗੋਬਿੰਦਗੜ੍ਹ, 6 ਫਰਵਰੀ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਸਹਾਇਕ ਪ੍ਰੋਫ਼ੈਸਰ ਵੰਦਨਾ ਗਰਗ ਦੀ ਨਿਗਰਾਨੀ ਹੇਠ ਨਗਰ ਨਿਗਮ ਖੰਨਾ ਅਤੇ ਸਵੱਛ ਭਾਰਤ ਅਭਿਆਨ ਦੇ ਸਹਿਯੋਗ ਨਾਲ, ਬੀ.ਐਸ.ਸੀ. ਫੂਡ ਟੈਕਨਾਲੋਜੀ ਦੇ ਵਿਦਿਆਰਥੀਆਂ ਲਈ ਠੋਸ ਰਹਿੰਦ-ਖੂੰਹਦ ਪ੍ਰਬੰਧਨ 'ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਨਗਰ ਨਿਗਮ ਖੰਨਾ ਦੇ ਪ੍ਰਤੀਨਿਧੀ ਨਵਨੀਤ ਕੌਰ ਅਤੇ ਮਨਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕੂੜੇ ਨੂੰ ਵੱਖ ਕਰਨ, ਰੀਸਾਈਕਲਿੰਗ, ਖਾਦ ਬਣਾਉਣ ਅਤੇ ਵਿਗਿਆਨਕ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸਫ਼ਾਈ ਦਾ ਅਭਿਆਸ ਕਰਨ, ਗਿੱਲੇ ਅਤੇ ਸੁੱਕੇ ਰਹਿੰਦ-ਖੂੰਹਦ ਨੂੰ ਵੱਖ ਕਰਨ ਅਤੇ ਸਮਾਜ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਸਲਾਹ ਦਿੱਤੀ | ਪੀ.ਆਈ.ਐਮ.ਟੀ. ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਸਮਾਜਿਕ ਜ਼ਿੰਮੇਵਾਰੀ ਤੇ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਵਿਕਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਸਵੱਛ ਭਾਰਤ ਅਭਿਆਨ ਵਿਚ ਸ਼ਾਮਿਲ ਹੋਣ, ਇਕ ਸਾਫ਼ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ |