ਮੰਡੀ ਗੋਬਿੰਦਗੜ੍ਹ, 20 ਫਰਵਰੀ (ਰਾਜੇਸ਼ ਸ਼ਰਮਾ)-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਜਹਾਜ਼ ਨਾਲ ਵਾਪਰੀ ਘਟਨਾ ਨੇ ਦੇਸ਼ ਦੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ | ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨੈਸ਼ਨਲਿਸਟ ਕਾਂਗਰਸ ਪਾਰਟੀ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਅਕਾਸ਼ਦੀਪ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਇਸ ਹਾਦਸੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪੀ ਜਾਵੇ | ਅਕਾਸ਼ਦੀਪ ਸਿੰਘ ਨੇ ਕਿਹਾ ਕਿ ਇਕ ਉੱਚ ਸੰਵਿਧਾਨਕ ਅਹੁਦੇ 'ਤੇ ਬੈਠੀ ਸ਼ਖ਼ਸੀਅਤ ਦੇ ਜਹਾਜ਼ ਨਾਲ ਅਜਿਹੀ ਘਟਨਾ ਵਾਪਰਨਾ ਮਹਿਜ਼ ਇਤਫ਼ਾਕ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਇਹ ਘਟਨਾ ਸਿਰਫ਼ ਇਕ ਤਕਨੀਕੀ ਖ਼ਰਾਬੀ ਹੈ ਜਾਂ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ, ਇਹ ਤਦ ਹੀ ਸਾਫ਼ ਹੋਵੇਗਾ ਜੇਕਰ ਕੋਈ ਨਿਰਪੱਖ ਕੇਂਦਰੀ ਏਜੰਸੀ ਇਸ ਦੀ ਤਹਿ ਤੱਕ ਜਾਵੇਗੀ | ਸਥਾਨਕ ਜਾਂ ਸਧਾਰਣ ਜਾਂਚ 'ਤੇ ਜਨਤਾ ਦਾ ਭਰੋਸਾ ਬਹਾਲ ਕਰਨਾ ਮੁਸ਼ਕਿਲ ਹੈ | ਅਕਾਸ਼ਦੀਪ ਸਿੰਘ ਅਨੁਸਾਰ ਲੋਕਤੰਤਰ ਵਿਚ ਜਨਤਾ ਨੂੰ ਸੱਚ ਜਾਣਨ ਦਾ ਪੂਰਾ ਹੱਕ ਹੈ | ਜੇਕਰ ਜਾਂਚ ਵਿਚ ਦੇਰੀ ਹੁੰਦੀ ਹੈ, ਤਾਂ ਇਹ ਅਫ਼ਵਾਹਾਂ ਨੂੰ ਜਨਮ ਦੇਵੇਗੀ | ਉਨ੍ਹਾਂ ਵੀ.ਵੀ.ਆਈ.ਪੀ. ਸੁਰੱਖਿਆ 'ਤੇ ਸਵਾਲ ਉਠਾਇਆ ਕਿ ਅਤਿ-ਆਧੁਨਿਕ ਸੁਰੱਖਿਆ ਪ੍ਰਣਾਲੀ ਅਤੇ ਉਡਾਣ ਤੋਂ ਪਹਿਲਾਂ ਹੋਣ ਵਾਲੀ ਜਾਂਚ ਦੇ ਬਾਵਜੂਦ ਅਜਿਹੀ ਘਟਨਾ ਕਿਵੇਂ ਵਾਪਰੀ? ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਪੱਧਰੀ ਜਾਂਚ ਏਜੰਸੀਆਂ ਅਕਸਰ ਸਿਆਸੀ ਦਬਾਅ ਹੇਠ ਹੁੰਦੀਆਂ ਹਨ, ਇਸ ਲਈ ਸਚਾਈ ਸਾਹਮਣੇ ਲਿਆਉਣ ਲਈ 329 ਹੀ ਇਕੋ-ਇਕ ਭਰੋਸੇਯੋਗ ਵਿਕਲਪ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੰਗ ਕਿਸੇ ਸਿਆਸੀ ਲਾਭ ਲਈ ਨਹੀਂ, ਸਗੋਂ ਦੇਸ਼ ਦੇ ਆਗੂਆਂ ਦੀ ਸੁਰੱਖਿਆ ਅਤੇ ਨਿਆਂ ਦੀ ਪ੍ਰਾਪਤੀ ਲਈ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਮਾਮਲੇ ਦੀ ਹਕੀਕਤ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ, ਪਾਰਟੀ ਇਸ ਮੁੱਦੇ ਨੂੰ ਹਰ ਪੱਧਰ 'ਤੇ ਉਠਾਉਂਦੀ ਰਹੇਗੀ |