ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਟਰੱਕ ਯੂਨੀਅਨ ਸਰਹਿੰਦ ਵਿਖੇ ਯੂਨੀਅਨ ਮੈਂਬਰਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਅਹਿਮ ਖ਼ੁਲਾਸਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਾਹਨਾਂ 'ਤੇ ਟੈਕਸ ਲਗਾ ਕੇ ਆਮ ਲੋਕਾਂ ਨੂੰ ਦੋਵੇਂ ਹੱਥਾਂ ਨਾਲ ਲੁੱਟਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਵਾਹਨਾਂ 'ਤੇ ਟੈਕਸ ਲਗਾਉਣ ਦੇ ਮਾਮਲੇ ਵਿਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ | ਸਰਕਾਰ ਵਲੋਂ ਲਗਾਏ ਨਵੇਂ ਟੈਕਸ ਬਾਰੇ ਜਾਣਕਾਰੀ ਦਿੰਦਿਆਂ ਸ. ਭੁੱਟਾ ਨੇ ਕਿਹਾ ਕਿ ਪਹਿਲਾਂ ਤਿੰਨ ਮਹੀਨੇ ਦਾ ਟੈਕਸ ਭਰ ਕੇ ਆਪਣੇ ਇਹ ਵਾਹਨ ਸੜਕ 'ਤੇ ਲਿਆਂਦੇ ਜਾ ਸਕਦੇ ਸਨ ਪ੍ਰੰਤੂ ਹੁਣ ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਕੋਈ ਵੀ ਵਾਹਨ ਸੜਕ 'ਤੇ ਲਿਆਉਣ ਤੋਂ ਪਹਿਲਾਂ 4 ਸਾਲ ਦਾ ਟੈਕਸ ਐਡਵਾਂਸ ਭਰਨਾ ਹੋਵੇਗਾ, ਜੋ ਸੂਬੇ ਦੇ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ 24,200 ਰੁਪਏ ਟੈਕਸ ਭਰਨਾ ਪੈਂਦਾ ਸੀ ਉਹ ਹੁਣ 93 ਹਜ਼ਾਰ ਰੁਪਏ ਹੋ ਗਿਆ ਹੈ | ਸਰਕਾਰ ਨੇ ਹੁਣ ਗੱਡੀਆਂ ਦੀ ਪਾਸਿੰਗ 'ਤੇ ਵੀ 2500 ਰੁਪਏ ਦਾ ਗਰੀਨ ਟੈਕਸ ਲਗਾ ਦਿੱਤਾ ਹੈ ਜਦੋਂਕਿ ਪਹਿਲਾਂ ਅਜਿਹਾ ਕੋਈ ਟੈਕਸ ਨਹੀਂ ਸੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਲੱਗਿਆ ਇਹ ਟੈਕਸ ਦੇਸ਼ ਦੇ ਕਿਸੇ ਵੀ ਸੂਬੇ ਵਿਚ ਨਹੀਂ ਲਿਆ ਜਾ ਰਿਹਾ, ਜਿਸ ਤੋਂ ਸਪੱਸ਼ਟ ਹੈ ਕਿ ਇਸ ਸਰਕਾਰ ਨੂੰ ਆਮ ਵਿਅਕਤੀ ਦੀ ਕੋਈ ਚਿੰਤਾ ਨਹੀਂ ਹੈ | ਭੁੱਟਾ ਨੇ ਦੱਸਿਆ ਕਿ ਨੈਸ਼ਨਲ ਪਰਮਿਟ ਲੈਣ ਲਈ ਵੀ ਫ਼ੀਸ ਵਿਚ 5 ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ 15 ਸਾਲ ਪੁਰਾਣੇ ਟਰੱਕ ਨੂੰ ਪਾਸ ਕਰਾਉਣ 'ਤੇ ਪਹਿਲਾਂ ਇੱਕ ਹਜ਼ਾਰ ਰੁਪਏ ਹੀ ਦੇਣੇ ਪੈਂਦੇ ਸਨ ਜਦੋਂ ਕਿ ਹੁਣ 16,200 ਵਸੂਲੇ ਜਾ ਰਹੇ ਹਨ | ਇੱਥੇ ਹੀ ਬੱਸ ਨਹੀਂ, ਸਰਕਾਰ ਨੇ 15 ਹਜ਼ਾਰ ਸੀ. ਸੀ ਤੋਂ ਘੱਟ ਪਾਵਰ ਦੀਆਂ ਪੈਟਰੋਲ ਦੀਆਂ ਕਾਰਾਂ 'ਤੇ 3 ਹਜ਼ਾਰ ਰੁਪਏ ਅਤੇ 15 ਹਜ਼ਾਰ ਸੀ. ਸੀ ਤੋਂ ਵੱਧ ਪਾਵਰ ਦੀਆਂ ਡੀਜ਼ਲ ਕਾਰਾਂ ਤੇ 4 ਹਜ਼ਾਰ ਰੁਪਏ ਰੁਪਏ ਗਰੀਨ ਟੈਕਸ ਲਗਾ ਦਿੱਤਾ ਹੈ ਜਦੋਂ ਕਿ ਡੀਜ਼ਲ ਦੀਆਂ ਕਾਰਾਂ ਤੇ ਕ੍ਰਮਵਾਰ 4 ਹਜ਼ਾਰ ਰੁਪਏ ਗਰੀਨ ਟੈਕਸ ਲਾਇਆ ਗਿਆ ਹੈ | ਸਰਕਾਰ ਨੇ ਮੋਟਰ ਸਾਈਕਲਾਂ ਤੇ ਵੀ 500 ਰੁਪਏ ਗਰੀਨ ਟੈਕਸ ਲਗਾ ਦਿੱਤਾ ਹੈ | ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਮੱਚ ਗਿਆ ਹੈ ਅਤੇ ਸੂਬੇ ਦੇ ਲੋਕ ਇਸ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਤੋਂ ਬਾਹਰ ਦਾ ਰਸਤਾ ਜਰੂਰ ਵਿਖਾਉਣਗੇ | ਇਸ ਮੌਕੇ 'ਤੇ ਦਰਬਾਰਾ ਸਿੰਘ ਸਲੇਮਪੁਰ, ਹਰਬੰਸ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ, ਮੋਹਣ ਸਿੰਘ, ਜਗਤਾਰ ਸਿੰਘ, ਪਾਲ ਸਿੰਘ, ਤਜਿੰਦਰ ਸਿੰਘ ਸੌਂਢਾ, ਗੁਰਦੀਪ ਸਿੰਘ ਸਾਬਕਾ ਸਰਪੰਚ ਜਲਵੇੜਾ ਵੀ ਹਾਜ਼ਰ ਸਨ |