ਮੰਡੀ ਗੋਬਿੰਦਗੜ੍ਹ, 20 ਫਰਵਰੀ (ਇਕਬਾਲਦੀਪ ਸੰਧੂ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਸ਼ੁਭਮ ਅਗਰਵਾਲ ਨੇ ਲੋਹਾ ਉਦਯੋਗ ਦੇ ਕੇਂਦਰ ਮੰਨੇ ਜਾਂਦੇ ਮੰਡੀ ਗੋਬਿੰਦਗੜ੍ਹ ਵਿਚ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਇਕ ਅਹਿਮ ਮੀਟਿੰਗ ਕਰਕੇ ਸ਼ਹਿਰ ਦੀ ਕਾਨੂੰਨ-ਵਿਵਸਥਾ ਅਤੇ ਉਦਯੋਗਿਕ ਸੁਰੱਖਿਆ ਸਬੰਧੀ ਵਿਚਾਰਾਂ ਕੀਤੀਆਂ | ਮੀਟਿੰਗ ਵਿਚ ਆਇਰਨ ਸਕ੍ਰੈਪ ਟਰੇਡਰਜ਼ ਵੈੱਲਫੇਅਰ ਐੱਸੋਸੀਏਸ਼ਨ ਅਤੇ ਸਟੀਲ ਸਿਟੀ ਫਰਨੇਸ ਐੱਸੋਸੀਏਸ਼ਨ ਦੇ ਅਧਿਕਾਰੀ ਅਤੇ ਮੈਂਬਰਾਂ ਹਾਜ਼ਰ ਸਨ | ਜਦਕਿ ਅਮਲੋਹ ਦੇ ਡੀ.ਐੱਸ.ਪੀ. ਗੁਰਦੀਪ ਸਿੰਘ ਸੰਧੂ ਅਤੇ ਐੱਸ.ਐੱਚ.ਓ. ਅੰਮਿ੍ਤਵੀਰ ਸਿੰਘ ਚਾਹਲ ਵੀ ਮੌਜੂਦ ਰਹੇ | ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਸ਼ਹਿਰ ਵਿਚ ਦਰਪੇਸ਼ ਕਈ ਗੰਭੀਰ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਰੱਖਿਆ | ਵਪਾਰੀਆਂ ਨੇ ਖ਼ਰਾਬ ਟ੍ਰੈਫ਼ਿਕ ਪ੍ਰਬੰਧਨ ਕਾਰਨ ਉਦਯੋਗਿਕ ਗਤੀਵਿਧੀਆਂ ਵਿਚ ਆ ਰਹੀ ਰੁਕਾਵਟਾਂ, ਨਸ਼ਿਆਂ ਦੇ ਵੱਧਦੇ ਪ੍ਰਭਾਵ, ਚੱਲਦੇ ਅਤੇ ਖੜ੍ਹੇ ਟਰੱਕਾਂ ਤੋਂ ਲੋਹੇ ਦੀ ਚੋਰੀ ਦੀਆਂ ਵੱਧਦੀਆਂ ਘਟਨਾਵਾਂ ਅਤੇ ਚੋਰੀ ਦਾ ਸਮਾਨ ਖ਼ਰੀਦਣ ਵਾਲੇ ਕੁਝ ਸਕ੍ਰੈਪ ਡੀਲਰਾਂ ਦੀ ਸਰਗਰਮੀ 'ਤੇ ਗੰਭੀਰ ਚਿੰਤਾ ਜਤਾਈ | ਇਸ ਤੋਂ ਇਲਾਵਾ ਉਦਯੋਗਿਕ ਖੇਤਰਾਂ ਵਿਚ ਮਜ਼ਦੂਰਾਂ ਨਾਲ ਵੱਧ ਰਹੀਆਂ ਖੋਹ ਦੀਆਂ ਵਾਰਦਾਤਾਂ ਨੂੰ ਵਪਾਰ ਲਈ ਖ਼ਤਰਨਾਕ ਦੱਸਿਆ | ਉਦਯੋਗਪਤੀਆਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਕਾਰਨ ਵਪਾਰੀਆਂ ਅਤੇ ਮਜ਼ਦੂਰਾਂ ਵਿਚ ਅਸੁਰੱਖਿਆ ਦਾ ਮਾਹੌਲ ਬਣ ਰਿਹਾ ਹੈ, ਜਿਸ ਨਾਲ ਉਦਯੋਗ ਅਤੇ ਵਪਾਰ ਦੋਵੇਂ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਸ਼ਹਿਰ ਵਿਚ ਕਾਨੂੰਨ-ਵਿਵਸਥਾ ਮਜ਼ਬੂਤ ਹੋਵੇ ਅਤੇ ਕਾਰੋਬਾਰੀ ਮਾਹੌਲ ਸੁਚਾਰੂ ਤਰੀਕੇ ਨਾਲ ਚੱਲ ਸਕੇ | ਜ਼ਿਲ੍ਹਾ ਪੁਲਿਸ ਮੁੱਖੀ ਨੇ ਸਾਰੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਭਰੋਸਾ ਦਿਵਾਇਆ ਕਿ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਟ੍ਰੈਫ਼ਿਕ ਪ੍ਰਬੰਧਨ ਸੁਧਾਰਿਆ ਜਾਵੇਗਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਚੋਰੀ ਵਰਗੀਆਂ ਗਤੀਵਿਧੀਆਂ 'ਤੇ ਨਕੇਲ ਕਸੀ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਸੂਚਨਾ ਪੁਲਿਸ ਤੱਕ ਪਹੁੰਚਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ | ਇਸ ਮੌਕੇ ਐੱਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਚਾਵਲਾ, ਸਟੀਲ ਸਿਟੀ ਫਰਨੇਸ ਐੱਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਟੋਨੀ ਜਿੰਦਲ, ਅਮਨ ਸ਼ਰਮਾ, ਜਸਪ੍ਰੀਤ ਸਿੰਘ ਨਈਅਰ, ਦੀਪਕ ਘਈ, ਅਮਨ ਗਰਗ, ਲੱਕੀ ਪੰਡਿਤ ਅਤੇ ਨਿਧੀਸ਼ ਗੋਇਲ ਸਮੇਤ ਵੱਡੀ ਗਿਣਤੀ ਵਿਚ ਲੋਹਾ ਵਪਾਰੀ ਅਤੇ ਉਦਯੋਗਪਤੀ ਹਾਜ਼ਰ ਸਨ |